ਪ੍ਰੀਤ ਪੱਤੀ
ਕੁਰਾਲੀ - ਬੀਤੇ ਦਿਨ ਐਲਾਨੇ ਗਏ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਨਵਾਂਗਾਓਂ ਦੇ ਸੂਝਵਾਨ ਵੋਟਰਾਂ ਵੱਲੋਂ ਕੁੱਲ 21 ਵਿੱਚੋਂ 16 ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਦਿੱਤੇ ਗਏ ਸਪੱਸ਼ਟ ਅਤੇ ਇਤਿਹਾਸਕ ਫਤਵੇ ਲਈ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਰਾਣਾ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਸਥਾਨਕ ਪੱਤਰਕਾਰਾਂ ਨੂੰ ਜਾਰੀ ਇੱਕ ਪ੍ਰੈਸ ਨੋਟ ਵਿੱਚ ਨਰਿੰਦਰ ਰਾਣਾ ਨੇ ਕਿਹਾ ਕਿ ਨਵਾਂਗਾਓਂ ਦੇ ਲੋਕਾਂ ਨੇ ਭਾਜਪਾ ਦੇ ਉਮੀਦਵਾਰਾਂ 'ਤੇ ਭਰੋਸਾ ਜਤਾਉਂਦਿਆਂ ਨਗਰ ਕੌਂਸਲ ਵਿੱਚ ਪਹਿਲੀ ਵਾਰ ਪੂਰਨ ਬਹੁਮਤ ਨਾਲ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਮੌਕਾ ਦਿੱਤਾ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ।
ਉਨ੍ਹਾਂ ਕਿਹਾ ਕਿ ਨਵਾਂਗਾਓਂ ਦੇ ਪੜ੍ਹੇ-ਲਿਖੇ ਅਤੇ ਜਾਗਰੂਕ ਵੋਟਰਾਂ ਵੱਲੋਂ ਭਾਜਪਾ ਨੂੰ ਮਿਲਿਆ ਇਹ ਭਰੋਸਾ ਵਿਕਾਸ ਅਤੇ ਸੁਸ਼ਾਸਨ ਦੀ ਜਿੱਤ ਹੈ। ਲੋਕ ਜਾਣਦੇ ਹਨ ਕਿ ਭਾਜਪਾ ਜੋ ਵਾਅਦੇ ਕਰਦੀ ਹੈ, ਉਹਨਾਂ ਨੂੰ ਪੂਰਾ ਵੀ ਕਰਦੀ ਹੈ ਅਤੇ ਵਿਕਾਸ ਦੀ ਰਾਜਨੀਤੀ ਨੂੰ ਅਮਲੀ ਰੂਪ ਦਿੰਦੀ ਹੈ। ਇਸੇ ਕਰਕੇ ਵੋਟਰਾਂ ਨੇ ਭਾਜਪਾ ਦੇ ਹੱਕ ਵਿੱਚ ਆਪਣਾ ਸਪੱਸ਼ਟ ਫਤਵਾ ਦਿੱਤਾ ਹੈ।
ਨਰਿੰਦਰ ਰਾਣਾ ਨੇ ਕਿਹਾ ਕਿ 2026 ਦੀਆਂ ਨਗਰ ਕੌਂਸਲ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਮਹੱਤਵਪੂਰਨ ਪੜਾਅ ਵਜੋਂ ਵੀ ਦੇਖਿਆ ਜਾ ਰਿਹਾ ਸੀ। ਨਵਾਂਗਾਓਂ ਦੇ ਲੋਕਾਂ ਵੱਲੋਂ ਦਿੱਤੇ ਗਏ ਇਸ ਪੂਰਨ ਬਹੁਮਤ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੂੰ ਭਰਪੂਰ ਸਮਰਥਨ ਮਿਲੇਗਾ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਹਲਕਾ ਖਰੜ ਤੋਂ ਭਾਜਪਾ ਦਾ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗਾ ਅਤੇ ਸੂਬੇ ਵਿੱਚ ਬਣਨ ਵਾਲੀ ਭਾਜਪਾ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਿਆਂ ਹਲਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਵੇਗਾ।
ਅੰਤ ਵਿੱਚ ਨਰਿੰਦਰ ਰਾਣਾ ਨੇ ਇੱਕ ਵਾਰ ਫਿਰ ਨਵਾਂਗਾਓਂ ਦੇ ਸਮੂਹ ਵੋਟਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਦਾ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਨੂੰ ਮਿਲੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ।