ਫਿਲਮ 'ਸਰਦਾਰ ਜੀ 3' ਕਾਰਨ ਵਿਵਾਦਾਂ ਵਿਚ ਘਿਰੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਕਲਾਕਾਰਾਂ ਦਰਮਿਆਨ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਅੱਗੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੋਈ ਪੱਗ ਵਾਲਾ ਤਰੱਕੀ ਕਰਦਾ ਹੈ ਤਾਂ ਵਿਰੋਧ ਤਾਂ ਹੁੰਦਾ ਹੀ ਹੈ। ਇੱਥੇ ਤੱਕ ਕਿ ਜਦੋਂ ਕੋਈ ਤਰੱਕੀ ਕਰਦਾ ਹੈ ਤਾਂ ਨਾਲ ਦੇ ਸਾਥੀ ਕਲਾਕਾਰ ਵੀ ਇਰਖਾ ਕਰਨ ਲੱਗ ਪੈਂਦੇ ਹਨ ਅਤੇ ਜਦੋਂ ਇਸ ਤਰ੍ਹਾਂ ਨਾਲ ਵਿਰੋਧ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਹ ਵਿਰੋਧ ਵੀ ਜ਼ਰੂਰ ਕਰਦੇ ਹਨ। ਉਨ੍ਹਾਂ ਕਿਹਾ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਮਾਣ ਹੋਣਾ ਚਾਹੀਦਾ ਹੈ ਕਿ ਦਿਲਜੀਤ ਪੱਗ ਨੂੰ ਕਿੱਥੇ ਤੱਕ ਲੈ ਕੇ ਗਏ ਹਨ। ਦਿਲਜੀਤ 'ਤੇ ਸਿਰਫ ਪੰਜਾਬੀਆਂ ਨੂੰ ਹੀ ਸਗੋਂ ਭਾਰਤੀਆਂ ਨੂੰ ਵੀ ਮਾਣ ਹੋਣਾ ਚਾਹੀਦਾ ਹੈ। ਕਿਉਂਕਿ ਦਿਲਜੀਤ ਤਿਰੰਗਾ ਲੈ ਕੇ ਸਟੇਜਾਂ 'ਤੇ ਗਾਉਂਦੇ ਰਹੇ ਨੇ ਅਤੇ ਉਹ ਤਿਰੰਗੇ ਦਾ ਮਾਣ ਵੀ ਵਧਾਉਂਦੇ ਰਹੇ ਹਨ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਸਰਦਾਰ ਜੀ 3' ਇਸ ਸਮੇਂ ਵੱਡੇ ਵਿਵਾਦ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕਰਨ ਕਰਕੇ ਦਿਲਜੀਤ ਦੀ ਭਾਰੀ ਆਲੋਚਨਾ ਹੋ ਰਹੀ ਹੈ। ਮਾਮਲਾ ਇੱਥੋ ਤੱਕ ਭੱਖ ਗਿਆ ਉਨ੍ਹਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਜਾਣ ਲੱਗੀ। ਅਜਿਹਾ ਇਸ ਲਈ ਕਿਉਂਕਿ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਵਿੱਚ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲੱਗੀ ਹੋਈ ਹੈ। ਹਾਲਾਂਕਿ ਨਿਰਮਾਤਾਵਾਂ ਵੱਲੋਂ ਬਿਆਨ ਜਾਰੀ ਕਰਕੇ ਦੱਸਿਆ ਗਿਆ ਸੀ ਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਕਾਫੀ ਪਹਿਲਾਂ ਬਣ ਚੁੱਕੀ ਹੋਈ ਸੀ। ਉਥੇ ਹੀ ਇਸ ਵਿਵਾਦ ਨੂੰ ਵੇਖਦਿਆਂ ਫਿਲਮ ਨੇ ਨਿਰਮਾਤਾਵਾਂ ਵੱਲੋਂ ਇਹ ਫਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿਚ 27 ਜੂਨ ਨੂੰ ਰਿਲੀਜ਼ ਕਰ ਦਿੱਤੀ ਗਈ। ਉਥੇ ਹੀ ਇਸ ਮਗਰੋਂ ਖਬਰਾਂ ਆ ਰਹੀਆਂ ਸਨ ਇਸ ਵਿਵਾਦ ਕਾਰਨ ਦਿਲਜੀਤ ਦੋਸਾਂਝ ਨੂੰ 'ਬਾਰਡਰ 2' ਫਿਲਮ ਵਿਚੋਂ ਕੱਢ ਦਿੱਤਾ ਗਿਆ ਹੈ ਪਰ ਹੁਣ ਦਿਲਜੀਤ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ 'ਬਾਰਡਰ 2' ਫਿਲਮ ਦੀ ਸ਼ੂਟਿੰਗ ਦੌਰਾਨ ਦੀ ਹੈ, ਜਿਸ ਤੋਂ ਇਹ ਸਾਫ ਹੋ ਗਿਆ ਹੈ ਕਿ ਉਹ ਅਜੇ ਵੀ ਫਿਲਮ ਦਾ ਹਿੱਸਾ ਹਨ।