ਹਵਾ ਪ੍ਰਦੂਸ਼ਣ ਦਾ ਸਿੱਧਾ ਅਸਰ ਲੋਕਾਂ ਦੀ ਸਿਹਤ ‘ਤੇ ਪੈ ਰਿਹਾ ਹੈ। ਜ਼ੁਕਾਮ, ਐਲਰਜੀ, ਚੈਸਟ ਇੰਫੈਕਸ਼ਨ ਦੇ ਨਾਲ–ਨਾਲ ਦਿਲ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਖ਼ਾਸ ਕਰਕੇ ਉਹ ਮਰੀਜ਼ ਜੋ ਪਹਿਲਾਂ ਤੋਂ ਹੀ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਹਨ, ਉਨ੍ਹਾਂ 'ਚ ਹਾਰਟ ਫੇਲਿਊਰ ਦੀ ਸਥਿਤੀ ਬਣ ਰਹੀ ਹੈ ਅਤੇ ਉਹ ਹਸਪਤਾਲਾਂ ਤੱਕ ਪਹੁੰਚ ਰਹੇ ਹਨ। ਡਾਕਟਰਾਂ ਮੁਤਾਬਕ OPD ਹੀ ਨਹੀਂ, ਸਗੋਂ ਹਸਪਤਾਲਾਂ 'ਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਖ਼ਾਸਾ ਵਾਧਾ ਹੋਇਆ ਹੈ, ਜਿਸ ਦਾ ਸਿੱਧਾ ਸੰਬੰਧ ਪ੍ਰਦੂਸ਼ਣ ਨਾਲ ਹੈ।
ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ
ਆਰਐੱਮਐੱਲ ਹਸਪਤਾਲ ਦੇ ਸੀਨੀਅਰ ਐਕਸਪਰਟ ਡਾਕਟਰ ਸੁਭਾਸ਼ ਗਿਰੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ 'ਚ ਐਡਮਿਸ਼ਨ ਲਗਭਗ 20 ਫ਼ੀਸਦੀ ਤੱਕ ਵਧ ਗਏ ਹਨ। OPD 'ਚ ਵੀ ਮਰੀਜ਼ਾਂ ਦੀ ਗਿਣਤੀ 'ਚ ਵੱਡਾ ਉਛਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਸਰਦੀਆਂ ਦੇ ਮੌਸਮ 'ਚ ਖੂਨ ਦੀਆਂ ਨਲੀਆਂ ਸਖ਼ਤ ਹੋ ਜਾਂਦੀਆਂ ਹਨ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਇਸ ਨਾਲ ਸ਼ੂਗਰ ਲੈਵਲ ਵੀ ਵਧ ਸਕਦਾ ਹੈ। ਜਦੋਂ ਬੀਪੀ ਵਧਦਾ ਹੈ ਤਾਂ ਕੋਰੋਨਰੀ ਹਾਰਟ ਅਟੈਕ ਦੇ ਨਾਲ–ਨਾਲ ਹਾਰਟ ਫੇਲਿਊਰ ਦੇ ਮਾਮਲੇ ਵੀ ਵਧਣ ਲੱਗਦੇ ਹਨ।
ਪਹਿਲਾਂ ਤੋਂ ਬੀਮਾਰ ਮਰੀਜ਼ਾਂ ‘ਤੇ ਵਧੇਰੇ ਅਸਰ
ਡਾਕਟਰ ਗਿਰੀ ਨੇ ਕਿਹਾ ਕਿ ਕਈ ਮਰੀਜ਼ ਪਹਿਲਾਂ ਤੋਂ ਹੀ ਦਿਲ ਦੇ ਰੋਗੀ ਹੁੰਦੇ ਹਨ। ਕੁਝ ਨੂੰ ਟੀਬੀ ਰਹੀ ਹੁੰਦੀ ਹੈ ਜਾਂ ਫੇਫੜੇ ਕਮਜ਼ੋਰ ਹੁੰਦੇ ਹਨ। ਜਦੋਂ ਅਜਿਹੇ ਮਰੀਜ਼ਾਂ ‘ਤੇ ਪ੍ਰਦੂਸ਼ਣ ਦਾ ਅਸਰ ਪੈਂਦਾ ਹੈ, ਤਾਂ ਨਤੀਜੇ ਤੁਰੰਤ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਕਈ ਮਾਮਲਿਆਂ 'ਚ ਹਾਰਟ ਫੇਲਿਊਰ ਦੀ ਸਥਿਤੀ ਬਣ ਜਾਂਦੀ ਹੈ। ਇਨ੍ਹਾਂ ਦਿਨਾਂ 'ਚ ਅਜਿਹੇ ਮਰੀਜ਼ ਲਗਾਤਾਰ ਆ ਰਹੇ ਹਨ।
ਸਮੇਂ ‘ਤੇ ਇਲਾਜ ਨਾ ਮਿਲੇ ਤਾਂ ਖ਼ਤਰਾ ਵੱਧ ਸਕਦਾ ਹੈ
ਡਾਕਟਰਾਂ ਦਾ ਕਹਿਣਾ ਹੈ ਕਿ ਜੇ ਸਮੇਂ ‘ਤੇ ਇਲਾਜ ਨਾ ਮਿਲੇ, ਤਾਂ ਬੀਮਾਰੀ ਹੋਰ ਗੰਭੀਰ ਹੋ ਸਕਦੀ ਹੈ। ਪ੍ਰਦੂਸ਼ਣ ਦਾ ਤੁਰੰਤ ਅਸਰ ਐਲਰਜੀ, ਚੈਸਟ ਇੰਫੈਕਸ਼ਨ ਅਤੇ ਅਪਰ ਰੈਸਪਾਇਰਟਰੀ ਇਨਫੈਕਸ਼ਨ ਦੇ ਰੂਪ 'ਚ ਸਾਹਮਣੇ ਆ ਰਿਹਾ ਹੈ, ਜਦਕਿ ਲੰਬੇ ਸਮੇਂ 'ਚ ਇਸ ਦੇ ਅਸਰ ਕੈਂਸਰ, ਡਿਮੇਂਸ਼ੀਆ ਅਤੇ ਮਨੋਵਿਗਿਆਨਕ ਬੀਮਾਰੀਆਂ ਦੇ ਰੂਪ 'ਚ ਵੀ ਨਜ਼ਰ ਆ ਸਕਦੇ ਹਨ।
ਦਵਾਈ ਲੈਣ ਬਾਵਜੂਦ ਵੀ ਦੇਰ ਨਾਲ ਆਰਾਮ
ਆਕਾਸ਼ ਹਸਪਤਾਲ ਦੇ ਲੰਗਜ਼ ਸਪੈਸ਼ਲਿਸਟ ਡਾਕਟਰ ਅਕਸ਼ੈ ਬੁੱਧਰਾਜਾ ਨੇ ਦੱਸਿਆ ਕਿ ਅਕਤੂਬਰ ਦੇ ਮੁਕਾਬਲੇ ਇਨ੍ਹਾਂ ਦਿਨਾਂ 'ਚ ਸਾਹ ਦੀ ਬੀਮਾਰੀ ਅਤੇ ਪ੍ਰਦੂਸ਼ਣ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਪ੍ਰਦੂਸ਼ਣ ਦੇ ਚਲਦੇ ਮਰੀਜ਼ ਪਹਿਲਾਂ ਨਾਲੋਂ ਕਾਫ਼ੀ ਵੱਧ ਤਕਲੀਫ਼ ਨਾਲ ਹਸਪਤਾਲ ਪਹੁੰਚ ਰਹੇ ਹਨ। ਬੱਚਿਆਂ ਨੂੰ ਠੀਕ ਹੋਣ ਵਿੱਚ ਵੀ ਵਧੇਰੇ ਸਮਾਂ ਲੱਗ ਰਿਹਾ ਹੈ ਅਤੇ ਦਵਾਈ ਲੈਣ ਬਾਵਜੂਦ ਜਲਦੀ ਆਰਾਮ ਨਹੀਂ ਮਿਲ ਰਿਹਾ।
ਮਰੀਜ਼ਾਂ ਲਈ ਬਚਾਅ ਹੀ ਸਭ ਤੋਂ ਵੱਡਾ ਉਪਾਅ
ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਜੋ ਲੋਕ ਪਹਿਲਾਂ ਤੋਂ ਬੀਮਾਰ ਹਨ, ਖ਼ਾਸ ਕਰਕੇ ਅਸਥਮਾ ਜਾਂ ਸਾਹ ਦੇ ਮਰੀਜ਼, ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ, ਮਾਸਕ ਦੀ ਵਰਤੋਂ ਕਰਨ ਅਤੇ ਜਦੋਂ ਤੱਕ ਧੁੱਪ ਨਾ ਨਿਕਲੇ, ਸਵੇਰ ਦੀ ਸੈਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਮੁਤਾਬਕ ਮੌਜੂਦਾ ਸਥਿਤੀਆਂ 'ਚ ਬਚਾਅ ਹੀ ਸਿਹਤ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।