ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹਾਲ ਦੇ ਦਿਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੀਤੀਆਂ ਗਈਆਂ ਟਿੱਪਣੀਆਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਤੰਜ਼ ਕੱਸਦੇ ਹੋਏ ਕਿਹਾ ਕਿ ''ਫਰਕ ਸਮਝੋ, ਸਰ ਜੀ''। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਪਿਛਲੇ ਸਾਲ ਜੂਨ 'ਚ ਕਾਂਗਰਸ ਦੇ 'ਸੰਗਠਨ ਨਿਰਮਾਣ ਮੁਹਿੰਮ' ਨਾਲ ਸੰਬੰਧਤ ਇਕ ਪ੍ਰੋਗਰਾਮ 'ਚ ਦਿੱਤੇ ਗਏ ਆਪਣੇ ਭਾਸ਼ਣ ਦਾ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ, ਟਰੰਪ ਦੇ ਇਕ ਫੋਨ ਨਾਲ ਉਨ੍ਹਾਂ ਦੇ ਸਾਹਮਣੇ ਝੁਕ ਗਏ ਅਤੇ 'ਨਰਿੰਦਰ, ਸਰੰਡਰ' ਕਰ ਗਏ। ਉਸ ਭਾਸ਼ਣ 'ਚ ਰਾਹੁਲ ਨੇ ਇਹ ਵੀ ਕਿਹਾ ਸੀ ਕਿ ਕਾਂਗਰਸ ਅਤੇ ਉਸ ਦੇ ਨੇਤਾਵਾਂ ਨੇ ਮਹਾਸ਼ਕਤੀਆਂ ਦੇ ਸਾਹਮਣੇ ਕਦੇ 'ਸਰੰਡਰ' ਨਹੀਂ ਕੀਤਾ ਪਰ ਥੋੜ੍ਹੇ ਜਿਹੇ ਦਬਾਅ ਅੱਗੇ ਝੁਕ ਜਾਣਾ ਹੀ ਭਾਜਪਾ ਅਤੇ ਰਾਸ਼ਟਰਪੀ ਸਵੈਮ ਸੇਵਕ ਸੰਘ ਦਾ ਸੁਭਾਅ ਹੈ।
ਕਾਂਗਰਸ ਨੇਤਾ ਨੇ ਬੁੱਧਵਾਰ ਨੂੰ ਆਪਣੇ ਭਾਸ਼ਣ ਨਾਲ ਸੰਬੰਧਤ ਵੀਡੀਓ 'ਐਕਸ' 'ਤੇ ਸਾਂਝਾ ਕਰਦੇ ਹੋਏ ਪੋਸਟ ਕੀਤਾ,''ਫਰਕ ਸਮਝੋ, ਸਰ ਜੀ।'' ਦਰਅਸਲ ਟਰੰਪ ਨੇ ਭਾਰਤ 'ਤੇ ਲਗਾਏ ਗਏ 50 ਫੀਸਦੀ ਦੇ ਟੈਰਿਫ ਨੂੰ ਲੈ ਕੇ ਹਾਲ ਦੇ ਦਿਨਾਂ 'ਚ ਕਈ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ, ਜੋ ਸਰਕਾਰ ਨੂੰ ਅਸਹਿਜ ਕਰਨ ਵਾਲੀਆਂ ਹਨ। ਸਰਕਾਰ ਵਲੋਂ ਫਿਲਹਾਲ ਇਨ੍ਹਾਂ ਟਿੱਪਣੀਆਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਟਰੰਪ ਦੀਆਂ ਟਿੱਪਣੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਤੰਜ਼ ਕੀਤਾ। ਉਨ੍ਹਾਂ ਨੇ ਟਰੰਪ ਦੇ ਬਿਆਨ ਦੀ ਵੀਡੀਓ ਸਾਂਝੀ ਕਰਦੇ ਹੋਏ 'ਐਕਸ' 'ਤੇ ਪੋਸਟ ਕੀਤਾ,''ਨਮਸਤੇ ਟਰੰਪ ਤੋਂ ਲੈ ਕੇ ਹਾਊਡੀ ਮੋਦੀ ਤੱਕ, 'ਡੋਨਾਲਡ ਭਾਈ' ਅਤੇ ਹੁਣ ਇਹ (ਸਰ)। ਅੱਗੇ ਕੀ?'' ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਕਿਹਾ ਕਿ ਰੂਸੀ ਤੇਲ ਖਰੀਦਣ 'ਤੇ ਅਮਰੀਕਾ ਵਲੋਂ ਭਾਰਤ 'ਤੇ ਲਗਾਏ ਗਏ ਟੈਰਿਫ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਤੋਂ 'ਜ਼ਿਆਦਾ ਖੁਸ਼ ਨਹੀਂ ਹੈ'। ਟਰੰਪ ਨੇ 'ਹਾਊਸ ਜੀਓਪੀ ਮੈਂਬਰ ਰਿਟ੍ਰੀਟ' 'ਚ ਆਪਣੇ ਸੰਬੋਧਨ 'ਚ ਇਹ ਵੀ ਦਾਅਵਾ ਕੀਤਾ,''ਪ੍ਰਧਾਨ ਮੰਤਰੀ ਮੋਦੀ ਮੈਨੂੰ ਮਿਲਣ ਆਏ ਅਤੇ ਬੋਲੇ,''ਸ਼੍ਰੀਮਾਨ, ਕੀ ਮੈਂ ਤੁਹਾਨੂੰ ਮਿਲ ਸਕਦਾ ਹਾਂ? ਮੈਂ ਕਿਹਾ,''ਜੀ ਹਾਂ।''