ਜੂਨ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਵਧ ਕੇ 4.38 ਫੀਸਦੀ ’ਤੇ ਪਹੁੰਚ ਗਈ ਹੈ। ਅੰਕੜਾ ਮੰਤਰਾਲਾ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਨੇ ਚਿੰਤਾ ਇਸ ਲਈ ਵਧਾ ਦਿੱਤੀ ਹੈ ਕਿਉਂਕਿ ਪਿਛਲੇ 17 ਮਹੀਨਿਆਂ ’ਚ ਇਹ ਪਹਿਲਾ ਮੌਕਾ ਹੈ ਜਦੋਂ ਮਹਿੰਗਾਈ ਨੇ ਰਿਜ਼ਰਵ ਬੈਂਕ ਆਫ਼ ਇੰਡੀਆ (ਆਰ. ਬੀ. ਆਈ.) ਦੇ 4 ਫੀਸਦੀ ਦੇ ਸੁਰੱਖਿਅਤ ਟੀਚੇ ਨੂੰ ਪਾਰ ਕੀਤਾ ਹੈ। ਇਸ ਤੋਂ ਪਹਿਲਾਂ ਮਈ ’ਚ ਇਹ ਅੰਕੜਾ 3.93 ਫੀਸਦੀ ਸੀ।
ਮਹਿੰਗਾਈ ’ਚ ਇਸ ਤਾਜ਼ਾ ਉਛਾਲ ਦੀ ਮੁੱਖ ਵਜ੍ਹਾ ਖਾਣ-ਪੀਣ ਦੇ ਸਾਮਾਨ ਅਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਹਨ। ਇਸ ਤੋਂ ਇਲਾਵਾ, ਪੱਛਮੀ ਏਸ਼ੀਆ ’ਚ ਚੱਲ ਰਹੇ ਤਣਾਅ ਅਤੇ ਮਾਨਸੂਨ ਦੀ ਚਾਲ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਨੇ ਵੀ ਕੀਮਤਾਂ ਨੂੰ ਉੱਪਰ ਧੱਕਣ ਦਾ ਕੰਮ ਕੀਤਾ ਹੈ। ਬਾਜ਼ਾਰ ਨੂੰ ਵੀ ਕੁਝ ਅਜਿਹੇ ਹੀ ਅੰਕੜਿਆਂ ਦੀ ਉਮੀਦ ਸੀ। ਇਕ ਚੈਨਲ ਦੇ ਅਰਥਸ਼ਾਸਤਰੀਆਂ ਨੇ ਇਸ ਦੇ 4.3 ਫੀਸਦੀ ’ਤੇ ਰਹਿਣ ਦਾ ਅੰਦਾਜ਼ਾ ਪ੍ਰਗਟਾਇਆ ਸੀ। ਖਾਸ ਗੱਲ ਇਹ ਹੈ ਕਿ ਜਦੋਂ ਤੋਂ ਸੀ. ਪੀ. ਆਈ. ਲਈ ਨਵਾਂ ਆਧਾਰ ਸਾਲ ਅਤੇ ਅਪਡੇਟਿਡ ਬਾਸਕਿਟ ਲਾਗੂ ਹੋਇਆ ਹੈ, ਉਦੋਂ ਤੋਂ ਇਹ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ।
ਖਾਣ-ਪੀਣ ਦੀਆਂ ਚੀਜ਼ਾਂ ਨੇ ਵਿਗਾੜਿਆ ਬਜਟ
ਮਹਿੰਗਾਈ ਦੇ ਇਸ ਅੰਕੜੇ ’ਚ ਸਭ ਤੋਂ ਜ਼ਿਆਦਾ ਅਸਰ ਖਾਣ-ਪੀਣ ਦੇ ਸਾਮਾਨ ’ਤੇ ਦਿਸਿਆ ਹੈ। ਜੂਨ ’ਚ ਖੁਰਾਕ ਮਹਿੰਗਾਈ ਦਰ 5.32 ਫੀਸਦੀ ’ਤੇ ਪਹੁੰਚ ਗਈ, ਜੋ ਮਈ ’ਚ 4.78 ਫੀਸਦੀ ਸੀ। ਜੇਕਰ ਇਸ ਨੂੰ ਹੋਰ ਬਾਰੀਕੀ ਨਾਲ ਦੇਖੀਏ, ਤਾਂ ਪੇਂਡੂ ਇਲਾਕਿਆਂ ’ਚ ਖੁਰਾਕ ਮਹਿੰਗਾਈ 5.45 ਫੀਸਦੀ ਅਤੇ ਸ਼ਹਿਰਾਂ ’ਚ 5.09 ਫੀਸਦੀ ਰਹੀ।
ਹਾਲਾਂਕਿ, ਕੁਝ ਸਬਜ਼ੀਆਂ ਨੇ ਥੋੜ੍ਹੀ ਰਾਹਤ ਜ਼ਰੂਰ ਦਿੱਤੀ ਹੈ। ਆਲੂ ਦੀਆਂ ਕੀਮਤਾਂ ’ਚ ਜੂਨ ’ਚ 20.34 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ (ਮਈ ’ਚ ਇਹ 23.71 ਫੀਸਦੀ ਡਿੱਗੀ ਸੀ)। ਉੱਥੇ ਹੀ, ਟਮਾਟਰ ਜੋ ਪਿਛਲੇ ਸਾਲ ਮਈ ’ਚ 48 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਸੀ, ਉਸ ਦੇ ਭਾਅ ’ਚ ਵੀ ਇਸ ਵਾਰ 31.92 ਫੀਸਦੀ ਦੀ ਗਿਰਾਵਟ ਆਈ ਹੈ, ਪਰ ਬਾਕੀ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਨੇ ਇਸ ਰਾਹਤ ਨੂੰ ਬੇਅਸਰ ਕਰ ਦਿੱਤਾ।
ਪੈਟਰੋਲ-ਡੀਜ਼ਲ ਨੇ ਵਿਗਾੜੀ ਖੇਡ
ਸਿਰਫ਼ ਖਾਣਾ ਹੀ ਨਹੀਂ, ਸਗੋਂ ਹੁਣ ਸਫ਼ਰ ਕਰਨਾ ਅਤੇ ਸਾਮਾਨ ਦੀ ਢੋਆ-ਢੁਆਈ ਵੀ ਮਹਿੰਗੀ ਹੋ ਗਈ ਹੈ। ਜੂਨ ’ਚ ਟ੍ਰਾਂਸਪੋਰਟ ਮਹਿੰਗਾਈ ਦਰ 4.31 ਫੀਸਦੀ ਹੋ ਗਈ। ਇਸ ਦੀ ਵੱਡੀ ਵਜ੍ਹਾ ਇਹ ਰਹੀ ਕਿ ਸਰਕਾਰੀ ਤੇਲ ਕੰਪਨੀਆਂ ਨੇ ਮਈ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ 4 ਵਾਰ ਵਾਧਾ ਕੀਤਾ ਸੀ। ਇਸ ਦਾ ਸਿੱਧਾ ਅਸਰ ਮਾਲ ਢੋਆ-ਢੁਆਈ (ਗੁਡਜ਼ ਟ੍ਰਾਂਸਪੋਰਟ ਸਰਵਿਸ) ’ਤੇ ਪਿਆ ਹੈ, ਜਿਸ ਦੀ ਮਹਿੰਗਾਈ ਦਰ ਉਛਲ ਕੇ 7.70 ਫੀਸਦੀ ’ਤੇ ਪਹੁੰਚ ਗਈ ਹੈ। ਢੋਆ-ਢੁਆਈ ਮਹਿੰਗੀ ਹੋਣ ਦਾ ਮਤਲਬ ਹੈ ਕਿ ਬਾਜ਼ਾਰ ਤੱਕ ਪਹੁੰਚਣ ਵਾਲਾ ਹਰ ਸਾਮਾਨ ਆਪਣੇ ਆਪ ਮਹਿੰਗਾ ਹੋ ਜਾਵੇਗਾ।
ਕੱਚੇ ਤੇਲ ਨਾਲ ਹੋਰ ਵਧ ਸਕਦੀ ਹੈ ਟੈਨਸ਼ਨ
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅੱਗੇ ਦਾ ਰਸਤਾ ਵੀ ਸੌਖਾ ਨਹੀਂ ਹੈ। ‘ਅਲ ਨੀਨੋ’ ਕਾਰਨ ਜੇਕਰ ਇਸ ਸਾਲ ਮਾਨਸੂਨ ਕਮਜ਼ੋਰ ਰਹਿੰਦਾ ਹੈ, ਤਾਂ ਫ਼ਸਲਾਂ ਦੀ ਪੈਦਾਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਭਾਰਤ ’ਚ ਖੇਤੀ ਕਾਫ਼ੀ ਹੱਦ ਤੱਕ ਦੱਖਣ-ਪੱਛਮੀ ਮਾਨਸੂਨ ’ਤੇ ਨਿਰਭਰ ਹੈ, ਕਿਉਂਕਿ ਦੇਸ਼ ਦੇ ਅੱਧੇ ਤੋਂ ਜ਼ਿਆਦਾ ਖੇਤਾਂ ’ਚ ਸਿੰਚਾਈ ਦੀ ਪੱਕੀ ਸਹੂਲਤ ਨਹੀਂ ਹੈ।
ਦੂਜੇ ਪਾਸੇ, ਦੁਨੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੱਚਾ ਤੇਲ ਦਰਾਮਦਕਾਰ ਦੇਸ਼ ਹੈ। ਅਜਿਹੇ ’ਚ ਗਲੋਬਲ ਮਾਰਕੀਟ ’ਚ ਊਰਜਾ ਮਹਿੰਗੀ ਹੋਣ ਕਰ ਕੇ ਦੇਸ਼ ਦਾ ਚਾਲੂ ਖਾਤੇ ਦਾ ਘਾਟਾ (ਸੀ. ਏ. ਡੀ.) ਵਧ ਸਕਦਾ ਹੈ, ਰੁਪਇਆ ਕਮਜ਼ੋਰ ਹੋ ਸਕਦਾ ਹੈ ਅਤੇ ਦਰਾਮਦੀ ਮਹਿੰਗਾਈ ਦਾ ਖ਼ਤਰਾ ਪੈਦਾ ਹੋ ਸਕਦਾ ਹੈ।