ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਅੱਜ ਇੱਥੇ ਜ਼ਿਲਾ ਪੱਧਰੀ ਮਾਈਨਿੰਗ ਕਮੇਟੀ ਨਾਲ ਮਾਈਨਿੰਗ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਸੰਬੰਧਤ ਵਿਭਾਗਾਂ ਵੱਲੋਂ ਜ਼ਿਲੇ ਦੀਆਂ ਮਾਈਨਿੰਗ ਸਾਈਟਾਂ ਦੀ ਰੈਗੂਲਰ ਚੈਕਿੰਗ ਕਰਕੇ ਹਰ 15 ਦਿਨਾਂ ਬਾਅਦ ਵਿਸਥਾਰਤ ਰਿਪੋਰਟ ਦਿੱਤੀ ਜਾਵੇ।
ਜ਼ਿਲਾ ਪੱਧਰੀ ਟਾਸਕ ਫੋਰਸ ਵਿੱਚ ਸ਼ਾਮਲ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਸਟ੍ਰਿਕਟ ਮਾਈਨਿੰਗ ਫਾਊਂਡੇਸ਼ਨ ਦੀ ਮੀਟਿੰਗ ਦੌਰਾਨ ਮਾਈਨਿੰਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਜ਼ਿਲੇ ਦੀਆਂ ਸਾਰੀਆਂ ਸਾਈਟਾਂ ‘ਤੇ ਮਾਈਨਿੰਗ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ‘ਤੇ ਰੈਗੂਲਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ ਜ਼ਿਲੇ ਵਿੱਚ ਮਾਈਨਿੰਗ ਗਤੀਵਿਧੀਆਂ ‘ਤੇ ਪੈਨੀ ਨਜ਼ਰ ਰੱਖੀ ਜਾਵੇ ਤਾਂ ਜੋ ਕਿਤੇ ਵੀ ਨਾਜਾਇਜ਼ ਮਾਈਨਿੰਗ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਵਾਲੇ ਮਾਮਲਿਆਂ ਵਿੱਚ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਓਵਰਲੋਡ ਅਤੇ ਨਾਜਾਇਜ਼ ਮਾਈਨਿੰਗ ਵਾਲੇ ਵ੍ਹੀਕਲਾਂ ਵਿਰੁੱਧ ਮੌਕੇ ‘ਤੇ ਹੀ ਚਾਲਾਨ ਕੱਟੇ ਜਾ ਰਹੇ ਹਨ ਜਿਸ ਤਹਿਤ ਲੰਘੀ ਅਪ੍ਰੈਲ ਤੋਂ ਲੈ ਕੇ 30 ਜੂਨ ਤੱਕ ਚਾਲਾਨ ਕੱਟ ਕੇ 5,08,075 ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪੱਧਰੀ ਟਾਸਕ ਫੋਰਸ ਵੱਲੋਂ ਮਾਈਨਿੰਗ ਅਤੇ ਡੀਸਿਲਟਿੰਗ ਵਾਲੀਆਂ ਸਾਈਟਾਂ ਦੀ ਜਲਦ ਚੈਕਿੰਗ ਅਮਲ ਵਿੱਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿੱਚ ਭੱਠਾ ਮਾਲਕਾਂ ਵੱਲ ਖੜੀ ਬਕਾਇਆ ਰਿਕਵਰੀ ਦੇ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ। ਬਰਸਾਤੀ ਸੀਜ਼ਨ ਦੌਰਾਨ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਅਮਲ ਵਿੱਚ ਲਿਆਂਦੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਦਰਿਆ ਸਤਲੁਜ ਜਾਂ ਕਿਸੇ ਡਰੇਨ ਵਿੱਚ ਪਾੜ ਪੈਂਦਾ ਹੈ ਤਾਂ ਇਨ੍ਹਾਂ ਨੂੰ ਜਿਓ ਬੈਗਾਂ ਦੀ ਵਰਤੋਂ ਰਾਹੀਂ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੀਓ ਬੈਗ ਅਤੇ ਜੰਬੋ ਬੈਗਾਂ ਦੀ ਢੁਕਵੀਂ ਗਿਣਤੀ ਵਿੱਚ ਵਿਵਸਥਾ ਨੂੰ ਅਗਾਊਂ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਵੇਲੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜੀਵ ਵਰਮਾ, ਨਵਾਂਸ਼ਹਿਰ ਦੇ ਐਸ.ਡੀ.ਐਮ. ਅਨਮਜੋਤ ਕੌਰ, ਬਲਾਚੌਰ ਦੇ ਐਸ.ਡੀ. ਐਮ. ਇੰਦਰ ਪਾਲ ਤੋਂ ਇਲਾਵਾ ਸੰਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।