ਭਾਵਨਗਰ : ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਸੇਵਾ ਬਹੁਤ ਜਲਦੀ ਸ਼ੁਰੂ ਹੋਵੇਗੀ। ਇਸ ਪਿੱਛੋਂ ਮੁੰਬਈ ਤੇ ਅਹਿਮਦਾਬਾਦ ਦਰਮਿਆਨ 508 ਕਿਲੋਮੀਟਰ ਸਫਰ ਦਾ ਸਮਾਂ ਸਿਰਫ 2 ਘੰਟੇ 7 ਮਿੰਟ ਰਹਿ ਜਾਵੇਗਾ। ਵੈਸ਼ਨਵ ਜੋ ਐਤਵਾਰ ਭਾਵਨਗਰ ਟਰਮੀਨਸ ਵਿਖੇ ਆਏ ਹੋਏ ਸਨ, ਨੇ ਡਿਜੀਟਲ ਮਾਧਿਅਮ ਰਾਹੀਂ ਅਯੁੱਧਿਆ ਐਕਸਪ੍ਰੈਸ, ਰੇਵਾ-ਪੁਣੇ ਐਕਸਪ੍ਰੈਸ ਤੇ ਜਬਲਪੁਰ-ਰਾਏਪੁਰ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਈ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਇਸ ਮੌਕੇ 'ਤੇ ਰੇਲ ਸੇਵਾਵਾਂ ਦਾ ਉਦਘਾਟਨ ਕੀਤਾ। ਵੈਸ਼ਨਵ ਨੇ ਕਿਹਾ ਕਿ ਮੁੰਬਈ ਤੋਂ ਅਹਿਮਦਾਬਾਦ ਤੱਕ ਬੁਲੇਟ ਟ੍ਰੇਨ ਪ੍ਰਾਜੈਕਟ ’ਤੇ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਮੁੰਬਈ ਤੇ ਅਹਿਮਦਾਬਾਦ ਦਰਮਿਆਨ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਤੋਂ ਸ਼ੁਰੂ ਹੋਵੇਗੀ ਤੇ 320 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਰਫ਼ਤਾਰ ਨਾਲ ਗੁਜਰਾਤ ਦੇ ਵਾਪੀ, ਸੂਰਤ, ਆਨੰਦ, ਵਡੋਦਰਾ ਤੇ ਅਹਿਮਦਾਬਾਦ ਨੂੰ ਜੋੜੇਗੀ।