ਮਾਸਕੋ : ਜਰਮਨੀ ਨੇ ਕਈ ਦੇਸ਼ਾਂ ਦੀ ਮਦਦ ਨਾਲ ਹੈਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ ਅਤੇ ਇੱਕ ਬਦਨਾਮ ਰੂਸੀ ਗੈਂਗ ਨੋਨੇਮ 057 (17) ਦੇ ਛੇ ਮੈਂਬਰਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜਰਮਨ ਪੁਲਸ ਨੇ ਕਿਹਾ ਹੈ ਕਿ ਸੁਰੱਖਿਆ ਏਜੰਸੀਆਂ ਨੇ ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਦੀ ਮਦਦ ਨਾਲ ਹੈਕਰ ਗੈਂਗਾਂ ਵਿਰੁੱਧ ਇੱਕ ਅੰਤਰਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ। ਫਿਰ ਪੁਲਸ ਨੂੰ ਕੁਝ ਰੂਸੀ ਨਾਗਰਿਕਾਂ ਬਾਰੇ ਪਤਾ ਲੱਗਾ ਕਿ ਉਹ ਇੱਕ ਹੈਕਿੰਗ ਗੈਂਗ ਚਲਾ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਇਸ ਗੈਂਗ ਦੇ ਛੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਅਤੇ ਇਹ ਵਾਰੰਟ ਜਾਰੀ ਕੀਤੇ।
ਇਸ ਸਾਂਝੀ ਮੁਹਿੰਮ ਨੂੰ 'ਆਪ੍ਰੇਸ਼ਨ ਈਸਟਵੁੱਡ' ਨਾਮ ਦਿੱਤਾ ਗਿਆ ਹੈ ਅਤੇ ਇਸ ਵਿੱਚ ਜਰਮਨੀ ਦੀ ਵੱਡੀ ਭੂਮਿਕਾ ਹੈ। ਗੌਰਤਲਬ ਹੈ ਕਿ ਅਮਰੀਕਾ, ਨੀਦਰਲੈਂਡ, ਸਵਿਟਜ਼ਰਲੈਂਡ, ਸਵੀਡਨ, ਫਰਾਂਸ, ਸਪੇਨ ਅਤੇ ਇਟਲੀ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਈਬਰ ਅਪਰਾਧਾਂ ਵਿਰੁੱਧ ਲੜਾਈ ਵਿੱਚ ਜਰਮਨੀ ਨਾਲ ਜੁੜ ਗਈਆਂ ਹਨ। ਇਹ ਦੇਸ਼ ਯੂਰੋਪੋਲ, ਯੂਰੋਜਸਟ ਅਤੇ ਹੋਰ ਯੂਰਪੀ ਦੇਸ਼ਾਂ ਦੀ ਭਾਗੀਦਾਰੀ ਨਾਲ ਇਹ ਮੁਹਿੰਮ ਚਲਾ ਰਹੇ ਹਨ। ਪੁਲਸ ਅਨੁਸਾਰ ਜਿਨ੍ਹਾਂ ਛੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿੱਚੋਂ ਦੋ ਇਸ ਗੈਂਗ ਦੇ ਕਿੰਗਪਿਨ ਹੋਣ ਦਾ ਸ਼ੱਕ ਹੈ। ਸਪੈਨਿਸ਼ ਅਧਿਕਾਰੀਆਂ ਨੇ ਵੀ ਇਸੇ ਤਰ੍ਹਾਂ ਦੇ ਕਦਮ ਚੁੱਕੇ ਹਨ।