ਮੁਲਾਂਪੁਰ ਗਰੀਬਦਾਸ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)- ਪ੍ਰੀਤ ਪੱਤੀ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਮੁਲਾਂਪੁਰ ਗਰੀਬਦਾਸ ਵਿਖੇ ਬੈਂਕ ਆਫ਼ ਪੰਜਾਬ ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ।
ਉਨ੍ਹਾਂ ਇਸ ਮੌਕੇ ਆਖਿਆ ਕਿ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਜਨਤਕ ਖੇਤਰ ਦੀਆਂ ਬੈਂਕਾਂ ਦਾ ਵੀ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਆਮ ਆਦਮੀ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਸਪਾਂਸਰ ਸਕੀਮਾਂ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਕਰਜ਼ਾ ਯੋਜਨਾਵਾਂ ਦਾ ਲਾਭ ਦੇਣਾ ਚਾਹੀਦਾ ਹੈ, ਜਿਸ ਨਾਲ ਸਵੈ ਰੋਜ਼ਗਾਰ ਚ ਵਾਧਾ ਹੋਣ ਦੇ ਨਾਲ ਨਾਲ, ਜੁੜੇ ਹੋਏ ਕਈ ਲੋਕਾਂ ਨੂੰ ਵੀ ਲਾਭ ਤੇ ਰੋਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਹੱਥ ਪੰਜਾਬ ਦੀ ਵਾਗਡੋਰ ਆਉਣ ਬਾਅਦ ਸੂਬੇ ਚ ਕਰ ਵਸੂਲੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ, ਜਿਸ ਵਿੱਚ ਜੀ ਐਸ ਟੀ ਤੇ ਆਬਕਾਰੀ ਮਾਲੀਆ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਵਾਧੂ ਮਾਲੀਏ ਨੂੰ ਲੋਕ ਭਲਾਈ ਸਕੀਮਾਂ ਚ ਵਰਤਿਆ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ।
ਬੈਂਕ ਦੇ ਜ਼ੋਨਲ ਹੈਡ ਲੁਧਿਆਣਾ ਸ੍ਰੀ ਐਸ. ਕੇ. ਤ੍ਰਿਵੇਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਆਪਣੇ ਗ੍ਰਾਹਕਾਂ ਨੂੰ ਮੁੱਲਾਂਪੁਰ ਵਿੱਚ ਬਿਹਤਰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਆਪਣੀ ਨੌਵੀਂ ਬ੍ਰਾਂਚ ਸ਼ੁਰੂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਬੈਂਕ ਆਫ ਮਹਾਰਾਸ਼ਟਰ ਨੇ ਹਮੇਸ਼ਾਂ ਆਪਣੇ ਗ੍ਰਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਦਾ ਯਤਨ ਕੀਤਾ ਹੈ। ਸਾਡੀ ਨਵਾਂ ਸ਼ਾਖਾ ਇਸ ਦਿਸ਼ਾ ਵੱਲ ਇੱਕ ਮਹਤਵਪੂਰਨ ਕਦਮ ਹੈ, ਜਿਸ ਨਾਲ ਅਸੀਂ ਆਪਣੇ ਗਾਹਕਾਂ ਨੂੰ ਹੋਰ ਵੀ ਬਿਹਤਰ ਸੇਵਾਵਾਂ ਪ੍ਰਦਾਨ ਕਰ ਸਕੀਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੈਂਕ ਨਾਲ ਜੁੜਕੇ ਹੋਰ ਸੇਵਾ ਦਾ ਮੌਕਾ ਦੇਣ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਸ਼ਾਖਾ ਲੋਕਾਂ ਲਈ ਇੱਕ ਮਹੱਤਵਪੂਰਨ ਬੈਂਕਿੰਗ ਭਾਗੀਦਾਰ ਸਾਬਿਤ ਹੋਵੇਗੀ ਅਤੇ ਉਨ੍ਹਾਂ ਦੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਭਾਗੀਦਾਰ ਬਣੇਗੀ। ਇਸ ਮੌਕੇ 'ਤੇ ਸ਼ਾਖਾ ਪ੍ਰਬੰਧਕ ਅਨੂ ਸੈਣੀ ਅਤੇ ਬੈਂਕ ਦੇ ਹੋਰ ਨੁਮਾਇੰਦੇ ਹਾਜ਼ਰ ਰਹੇ।