ਚੰਡੀਗੜ੍ਹ : ਗਰਮੀਆਂ ਦੇ ਮੌਸਮ ਵਿੱਚ ਪੈ ਰਹੀ ਮਾਰੂ ਲੂ ਦੇ ਮੱਦੇਨਜ਼ਰ ਜਾਨਵਰਾਂ ਦੀ ਸੁਚੱਜੀ ਦੇਖਭਾਲ ਪ੍ਰਤੀ ਆਪਣੀ ਵਚਨਬੱਧਤਾ ਪੂਰੀ ਕਰਦਿਆਂ ਮਹਿੰਦਰ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਨੇ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਹਨ।
ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਸੋਚ ਤੋਂ ਸੇਧ ਲੈਂਦਿਆਂ ਚਿੜੀਆਘਰ ਪ੍ਰਬੰਧਨ ਨੇ ਵੱਖ-ਵੱਖ ਸ਼੍ਰੇਣੀ ਦੇ ਜਾਨਵਰਾਂ ਨੂੰ ਰਾਹਤ ਦੇਣ ਲਈ ਵਿਆਪਕ ਉਪਾਅ ਕੀਤੇ ਹਨ।
ਮਾਸਾਹਾਰੀ ਜਾਨਵਰਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਾਰੇ ਬਾਘਾਂ, ਚੀਤਿਆਂ, ਸ਼ੇਰਾਂ, ਰਿੱਛਾਂ ਅਤੇ ਹੋਰਨਾਂ ਜਾਨਵਰਾਂ ਦੇ ਰੈਣ-ਬਸੇਰਿਆਂ ਵਿੱਚ ਡੈਸਰਟ ਕੂਲਰ ਅਤੇ ਏਅਰ ਸਰਕੂਲੇਟਰ ਪੱਖੇ ਪ੍ਰਦਾਨ ਕੀਤੇ ਗਏ ਹਨ। ਪਸ਼ੂ ਪ੍ਰਬੰਧਨ ਸੈੱਲ ਇਹ ਯਕੀਨੀ ਬਣਾਉਣ ਲਈ ਹਰ ਸਮੇਂ ਚੌਕਸ ਤੇ ਸਰਗਰਮ ਹੈ ਕਿ ਇਹ ਘਰ ਅਤੇ ਰੈਣ-ਬਸੇਰੇ ਠੰਡੇ ਅਤੇ ਸੁੱਕੇ ਰਹਿਣ। ਮੱਛਰ ਮੁਕਤ ਵਾਤਾਵਰਣ ਬਣਾਈ ਰੱਖਣ ਲਈ ਸਾਰੀਆਂ ਸਾਰੀਆਂ ਖਿੜਕੀਆਂ ਨੂੰ ਜਾਲੀਦਾਰ ਬਣਾਇਆ ਗਿਆ ਹੈ।
ਜਾਨਵਰਾਂ ਦੇ ਇਨ੍ਹਾਂ ਘਰਾਂ ਅਤੇ ਕੁਝ ਰੈਣ-ਬਸੇਰਿਆਂ ਨੂੰ 75ਫੀਸਦ ਸੰਘਣੀ ਐਗਰੋ-ਨੈੱਟ ਨਾਲ ਢਕਿਆ ਗਿਆ ਹੈ ਤਾਂ ਜੋ ਜਾਨਵਰਾਂ ਨੂੰ ਨਾ ਸਿਰਫ਼ ਛਾਂ ਮਿਲੇ ਸਗੋਂ ਆਲੇ- ਦੁਆਲੇ ਦੇ ਤਾਪਮਾਨ ਨੂੰ ਘਟਾਉਣ ਵਿੱਚ ਵੀ ਮਦਦ ਮਿਲੇ। ਐਮਰਜੈਂਸੀ ਦੀ ਸਥਿਤੀ ਵਿੱਚ ਚਿੜੀਆਘਰ ਵਿੱਚ ਹਰ ਥਾਂ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਟੈਂਕਰ ਅਤੇ ਟਰੈਕਟਰ ਹਮੇਸ਼ਾ ਉਪਲਬਧ ਰਹਿੰਦੇ ਹਨ।
ਸ਼ਾਕਾਹਾਰੀ ਜਾਨਵਰਾਂ ਤਿੱਖੜ ਗਰਮੀ ਅਤੇ ਤੇਜ਼ ਧੁੱਪ ਤੋਂ ਬਚਾਉਣ ਲਈ ਕਾਨੇ, ਲੱਕੜ ਅਤੇ ਬਾਂਸ ਆਦਿ ਤੋਂ ਬਣੇ ਅਸਥਾਈ ਸ਼ੈਲਟਰ/ਹੱਟ ਬਣਾਏ ਗਏ ਹਨ।
ਹਾਥੀਆਂ , ਮਨੀਪੁਰ ਦੇ ਹਿਰਨਾਂ , ਸਵੈਂਪ ਡੀਅਰ ਅਤੇ ਹਿਰਨ ਸਫਾਰੀ ਨੂੰ ਨਹਾਉਣ ਲਈ ਪਾਣੀ ਨਾਲ ਭਰਿਆ ਚਿੱਕੜ ਵਾਲਾ ਪੂਲ ਬਣਾਇਆ ਗਿਆ ਹੈ। ਕੰਕਰੀਟ ਵਾਲੇ ਪਾਣੀ ਦੇ ਪੂਲ ਵੀ ਚੌਵੀ ਘੰਟੇ ਪਾਣੀ ਨਾਲ ਭਰੇ ਰਹਿੰਦੇ ਹਨ। ਬਿਹਤਰ ਠੰਡਕ ਲਈ ਇਨ੍ਹਾਂ ਥਾਵਾਂ ’ਤੇ ਕੁਝ ਪੈਚਾਂ ਨੂੰ 75% ਸੰਘਣੇ ਐਗਰੋ-ਨੈੱਟ ਨਾਲ ਵੀ ਢੱਕਿਆ ਗਿਆ ਹੈ।
ਪੰਛੀਆਂ ਦੀਆਂ ਕਈ ਕਿਸਮਾਂ ਲਈ, ਪੰਛੀਆਂ ਦੇ ਸਾਰੇ ਪਿੰਜਰਿਆਂ ਨੂੰ 75% ਘਣਤਾ ਵਾਲੇ ਐਗਰੋ-ਨੈੱਟ ਅਤੇ ਜੂਟ ਮੈਟ ਨਾਲ ਕੱਸ ਕੇ ਢੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਗਰਮ ਹਵਾ ਅਤੇ ਤੇਜ਼ ਧੁੱਪ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਪੰਛੀਆਂ ਨੂੰ ਵਧੇਰੇ ਖੁਸ਼ ਅਤੇ ਆਰਾਮਦਾਇਕ ਬਣਾਉਣ ਲਈ ਛੋਟੇ ਪਿੰਜਰੇ ਲਟੀ ਸਪ੍ਰਿੰਕਲ ਸ਼ਾਵਰ ਪ੍ਰਦਾਨ ਕੀਤੇ ਗਏ ਹਨ।