ਮੁੰਬਈ : ਯਸ਼ ਰਾਜ ਫਿਲਮਜ਼ (YRF) ਬੈਨਰ ਦੀ ਫਿਲਮ 'ਸੈਯਾਰਾ' ਨੇ ਭਾਰਤੀ ਬਾਜ਼ਾਰ 'ਚ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਮੋਹਿਤ ਸੂਰੀ ਦੁਆਰਾ ਨਿਰਦੇਸ਼ਿਤ ਅਤੇ YRF ਦੇ ਸੀਈਓ ਅਕਸ਼ੈ ਵਿਧਾਨੀ ਦੁਆਰਾ ਨਿਰਮਿਤ, ਸੈਯਾਰਾ 18 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਹਾਨ ਪਾਂਡੇ ਅਤੇ ਅਨੀਤਾ ਪੱਡਾ ਮੁੱਖ ਭੂਮਿਕਾ 'ਚ ਹਨ। ਫਿਲਮ 'ਸੈਯਾਰਾ' ਸਿਨੇਮਾਘਰਾਂ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਦਰਸ਼ਕ ਅਹਾਨ ਅਤੇ ਅਨੀਤਾ ਦੀ ਰੋਮਾਂਟਿਕ ਕੈਮਿਸਟਰੀ ਨੂੰ ਬਹੁਤ ਪਸੰਦ ਕਰ ਰਹੇ ਹਨ।
'ਸੈਯਾਰਾ' ਬਾਕਸ ਆਫਿਸ 'ਤੇ ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਟ੍ਰੇਡ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਸੈਯਾਰਾ' ਨੇ ਪਹਿਲੇ ਹਫ਼ਤੇ ਭਾਰਤੀ ਬਾਜ਼ਾਰ 'ਚ 172.75 ਕਰੋੜ ਦੀ ਕਮਾਈ ਕੀਤੀ। ਅੱਠਵੇਂ ਦਿਨ ਫਿਲਮ ਨੇ 18 ਕਰੋੜ ਦਾ ਕਾਰੋਬਾਰ ਕੀਤਾ। ਹੁਣ 9ਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆਇਆ ਹੈ। ਸੈਕਨਿਲਕ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਫਿਲਮ ਸੈਯਾਰਾ ਨੇ 9ਵੇਂ ਦਿਨ 26.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਸੈਯਾਰਾ ਨੇ ਭਾਰਤੀ ਬਾਜ਼ਾਰ 'ਚ 217 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।