ਨਵੀਂ ਦਿੱਲੀ : ਬਿਹਾਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸੋਧ (ਐੱਸ. ਆਈ. ਆਰ.) ’ਤੇ ਚੱਲ ਰਹੇ ਵਿਵਾਦ ਦਰਮਿਆਨ ਸੀਨੀਅਰ ਕਾਂਗਰਸ ਨੇਤਾ ਪੀ. ਚਿਦਾਂਬਰਮ ਨੇ ਐਤਵਾਰ ਦੋਸ਼ ਲਾਇਆ ਕਿ ਚੋਣ ਕਮਿਸ਼ਨ ਸੂਬੇ ਦੇ ਚੋਣ ਚਰਿੱਤਰ ਤੇ ਪ੍ਰਣਾਲੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਸ਼ਕਤੀਆਂ ਦੀ ਦੁਰਵਰਤੋਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਦਾ ਸਿਆਸੀ ਤੇ ਕਾਨੂੰਨੀ ਤੌਰ ਤੇ ਮੁਕਾਬਲਾ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ 'ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਕ ਪਾਸੇ ਬਿਹਾਰ ’ਚ 65 ਲੱਖ ਵੋਟਰਾਂ ਦੇ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਹੋਣ ਦਾ ਖ਼ਤਰਾ ਹੈ ਤਾਂ ਦੂਜੇ ਪਾਸੇ ਤਾਮਿਲਨਾਡੂ ’ਚ 6.5 ਲੱਖ ਲੋਕਾਂ ਨੂੰ ਵੋਟਰਾਂ ਵਜੋਂ ਜੋੜਨ' ਦੀਆਂ ਰਿਪੋਰਟਾਂ ਚਿੰਤਾਜਨਕ ਤੇ ਸਪੱਸ਼ਟ ਰੂਪ ਨਾਲ ਗੈਰ-ਕਾਨੂੰਨੀ ਹਨ। ਬਿਹਾਰ 'ਚ ਵੋਟਰ ਸੋਧ ਪ੍ਰਕਿਰਿਆ ਦਿਨੋ-ਦਿਨ ਹੋਰ ਅਜੀਬ ਹੁੰਦੀ ਜਾ ਰਹੀ ਹੈ। ਚਿਦਾਂਬਰਮ ਨੇ ਸਵਾਲ ਕੀਤਾ ਕਿ ਪ੍ਰਵਾਸੀ ਕਾਮੇ ਬਿਹਾਰ ਜਾਂ ਆਪਣੇ ਗ੍ਰਹਿ ਸੂਬੇ ’ਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ’ਚ ਵੋਟ ਪਾਉਣ ਲਈ ਕਿਉਂ ਨਹੀਂ ਆ ਸਕਦੇ ਜਿਵੇਂ ਕਿ ਉਹ ਹਮੇਸ਼ਾ ਕਰਦੇ ਰਹੇ ਹਨ।