ਹੈਦਰਾਬਾਦ : ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਨੇ ਗੈਰ-ਕਾਨੂੰਨੀ ਬੈਟਿੰਗ ਐਪਸ ਦੇ ਕਥਿਤ ਪ੍ਰਚਾਰ ਨਾਲ ਜੁੜੇ ਕੇਸ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਅੱਗੇ ਹਾਜ਼ਰ ਹੋ ਕੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ 2016 ਵਿੱਚ ਇੱਕ ਬੇਟਿੰਗ ਐਪ ਲਈ ਕੀਤੇ ਗਏ ਵਿਗਿਆਪਨ ਲਈ ਉਨ੍ਹਾਂ ਨੂੰ ਕੋਈ ਰਕਮ ਨਹੀਂ ਮਿਲੀ ਹੈ। ਈਡੀ ਦੇ ਅਧਿਕਾਰੀਆਂ ਨੇ ਪ੍ਰਕਾਸ਼ ਰਾਜ ਤੋਂ ਲਗਭਗ 5 ਘੰਟੇ ਤੱਕ ਪੁੱਛਗਿੱਛ ਕੀਤੀ।
ਪੁੱਛਗਿੱਛ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਕੰਟ੍ਰੈਕਟ, ਵਿਗਿਆਪਨ ਕਦੋਂ ਤੇ ਕਿਉਂ ਕੀਤਾ ਗਿਆ ਸੀ, ਇਸ ਬਾਰੇ ਪੁੱਛਿਆ। ਇੱਕ ਵਿਭਾਗ ਵਜੋਂ ਉਨ੍ਹਾਂ ਨੇ ਆਪਣਾ ਕੰਮ ਕੀਤਾ ਤੇ ਇੱਕ ਨਾਗਰਿਕ ਵਜੋਂ ਮੈਂ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਸਾਰੀ ਜਾਣਕਾਰੀ ਦਿੱਤੀ।” ਉਨ੍ਹਾਂ ਅੱਗੇ ਦੱਸਿਆ ਕਿ, 'ਮੈਂ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਹੈ ਕਿ ਇਸ ਵਿਗਿਆਪਨ ਲਈ ਮੈਂ ਕੋਈ ਰਕਮ ਨਹੀਂ ਲਈ, ਕਿਉਂਕਿ ਮੇਰੀ ਅੰਤਰਆਤਮਾ ਨੇ ਮੈਨੂੰ ਭੁਗਤਾਨ ਲੈਣ ਦੀ ਇਜਾਜ਼ਤ ਨਹੀਂ ਦਿੱਤੀ। ED ਨੇ ਮੇਰੇ ਖਾਤੇ ਵੇਖੇ ਅਤੇ ਮੇਰਾ ਬਿਆਨ ਦਰਜ ਕੀਤਾ।'
ਪ੍ਰਕਾਸ਼ ਰਾਜ ਨੇ ਇਹ ਵੀ ਸਾਫ ਕੀਤਾ ਕਿ ED ਨੇ ਉਨ੍ਹਾਂ ਨੂੰ ਦੁਬਾਰਾ ਪੁੱਛਗਿੱਛ ਲਈ ਆਉਣ ਲਈ ਨਹੀਂ ਕਿਹਾ ਹੈ। ਉਨ੍ਹਾਂ ਦੋਹਰਾਇਆ ਕਿ, “ਮੈਂ ਸਿਰਫ ਇੱਕ ਹੀ ਐਡ ਕੀਤਾ ਸੀ, ਬਾਅਦ ਵਿੱਚ ਸਮਝ ਆਇਆ ਕਿ ਇਹ ਗਲਤ ਸੀ, ਇਸ ਲਈ ਮੁੜ ਨਹੀਂ ਕੀਤਾ।” ਨਾਲ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਟਿੰਗ ਤੋਂ ਦੂਰ ਰਹੋ ਅਤੇ ਇਮਾਨਦਾਰੀ ਨਾਲ ਕਮਾਈ ਕਰੋ।
ਹੋਰ ਅਦਾਕਾਰ ਵੀ ED ਦੀ ਰਾਡਾਰ ‘ਤੇ
ਇਸ ਕੇਸ ਵਿੱਚ ED ਨੇ 29 ਸੈਲੀਬ੍ਰਿਟੀਆਂ ਨੂੰ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਨਾਮ ਹਨ, ਰਾਣਾ ਡੱਗੁਬਾਤੀ – 23 ਜੁਲਾਈ ਨੂੰ ਪੇਸ਼ ਹੋਣਾ ਸੀ, ਪਰ ਹੋਰ ਦੂਜੀ ਤਰੀਕ ਮੰਗੀ। ਵਿਜੈ ਦੇਵਰਕੋਂਡਾ – 6 ਅਗਸਤ ਨੂੰ ਪੇਸ਼ ਹੋਣ ਦੀ ਹਦਾਇਤ। ਮਾਂਚੂ ਲਕਸ਼ਮੀ – 13 ਅਗਸਤ ਨੂੰ ਬੁਲਾਇਆ ਗਿਆ। ED ਵੱਲੋਂ ਇਹ ਜਾਂਚ ਗੈਰ-ਕਾਨੂੰਨੀ ਬੇਟਿੰਗ ਐਪਸ ਦੇ ਪ੍ਰਚਾਰ ਵਿੱਚ ਸੈਲੀਬ੍ਰਿਟੀਆਂ ਦੀ ਭੂਮਿਕਾ ਨੂੰ ਲੈ ਕੇ ਕੀਤੀ ਜਾ ਰਹੀ ਹੈ।