ਮਾਨਸਾ : ਪੰਜਾਬ ਰਾਜ 'ਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ 2026 ਦੀ ਗਿਣਤੀ ਮਿਤੀ 29 ਮਈ ਨੂੰ ਹੋਣ ਜਾ ਰਹੀ ਹੈ। ਜ਼ਿਲ੍ਹਾ ਮਾਨਸਾ 'ਚ ਇਨ੍ਹਾਂ ਚੋਣਾਂ ਦੀ ਗਿਣਤੀ ਲਈ ਆਡੀਟੋਰੀਅਮ ਹਾਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਜ਼ਿਮਨੇਜੀਅਮ ਹਾਲ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਕ੍ਰਿਸ਼ਨਾ ਕਾਲਜ ਆਫ ਫਾਰਮਸੀ ਰੱਲੀ, ਸ਼ਹੀਦ ਨੰਦ ਸਿੰਘ ਸਰਕਾਰੀ ਪੌਲੀਟੈਕਨੀਕਲ ਕਾਲਜ ਬਰੇਟਾ ਅਤੇ ਸ਼ਹੀਦ ਜਗਸੀਰ ਸਿੰਘ ਸਕੂਲ ਆਫ ਐਮੀਨੈਂਸ ਬੋਹਾ ਬਣਾਏ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨਵਜੋਤ ਕੌਰ ਨੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਗਿਣਤੀ ਕੇਂਦਰਾਂ ਦੇ 500 ਮੀਟਰ ਦੇ ਘੇਰੇ ਅੰਦਰ ਅੰਦਰ ਮਿਤੀ 29.05.2026 ਨੂੰ ਡਰੋਨ ਕੈਮਰਿਆ ਨੂੰ ਚਲਾਉਣ ਅਤੇ ਉਡਾਉਣ ’ਤੇ ਮੁਕੰਮਲ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਸ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ, ਲੋਕ ਹਿੱਤ ’ਚ ਸ਼ਾਂਤੀ ਬਰਕਰਾਰ ਰੱਖਣ ਅਤੇ ਹੋਣ ਵਾਲੀਆਂ ਚੋਣਾਂ ਦੀ ਗਿਣਤੀ ਦੇ ਕੰਮ ਨੂੰ ਸੁਚੱਜੇ ਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਡਰੋਨ ਕੈਮਰਿਆਂ ’ਤੇ ਪਾਬੰਦੀ ਲਗਾਉਣੀ ਜ਼ਰੂਰੀ ਬਣ ਜਾਦੀ ਹੈ, ਕਿਉਂਕਿ ਡਰੋਨ ਕੈਮਰਿਆਂ ਦਾ ਫ਼ਾਇਦਾ ਉਠਾਉਂਦੇ ਹੋਏ ਕੁੱਝ ਸ਼ਰਾਰਤੀ ਅਨਸਰ ਇਸ ਨਾਲ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ।