ਨਵੀਂ ਦਿੱਲੀ : ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਗਾਜ਼ਾ ਵਿੱਚ "ਇਜ਼ਰਾਈਲੀ ਅੱਤਿਆਚਾਰਾਂ" 'ਤੇ PM ਨਰਿੰਦਰ ਮੋਦੀ ਦੀ "ਸ਼ਰਮਨਾਕ ਚੁੱਪੀ" ਨਿਰਾਸ਼ਾਜਨਕ ਅਤੇ "ਨੈਤਿਕ ਕਾਇਰਤਾ" ਦੀ ਨਿਸ਼ਾਨੀ ਹੈ। ਸੋਨੀਆ ਗਾਂਧੀ ਨੇ ਇੱਕ ਲੇਖ ਵਿੱਚ ਕਿਹਾ ਕਿ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੂੰ ਉਸ ਵਿਰਾਸਤ ਦੀ ਤਰਫੋਂ ਸਪੱਸ਼ਟ ਅਤੇ ਦਲੇਰ ਸ਼ਬਦਾਂ ਵਿੱਚ ਬੋਲਣਾ ਚਾਹੀਦਾ ਹੈ, ਜਿਸਦੀ ਪ੍ਰਤੀਨਿਧਤਾ ਭਾਰਤ ਵਲੋਂ ਕੀਤੀ ਗਈ ਹੈ। ਉਹਨਾਂ ਕਿਹਾ, "ਅਕਤੂਬਰ 2023 ਨੂੰ ਇਜ਼ਰਾਈਲ ਵਿੱਚ ਮਾਸੂਮ ਮਰਦਾਂ, ਔਰਤਾਂ ਅਤੇ ਬੱਚਿਆਂ 'ਤੇ ਹਮਾਸ ਦੁਆਰਾ ਕੀਤੇ ਗਏ ਵਹਿਸ਼ੀ ਹਮਲਿਆਂ ਜਾਂ ਉਸ ਤੋਂ ਬਾਅਦ ਇਜ਼ਰਾਈਲੀ ਲੋਕਾਂ ਨੂੰ ਲਗਾਤਾਰ ਬੰਧਕ ਬਣਾ ਕੇ ਰੱਖਣ ਨੂੰ ਕੋਈ ਵੀ ਜਾਇਜ਼ ਨਹੀਂ ਠਹਿਰਾ ਸਕਦਾ।"
ਉਹਨਾਂ ਕਿਹਾ, "ਇਸਦੀ ਵਾਰ-ਵਾਰ ਤੇ ਬਿਨਾਂ ਕਿਸੇ ਸ਼ਰਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਪਰ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰਾਂ ਅਤੇ ਇਸ ਤੋਂ ਵੀ ਮਹੱਤਵਪੂਰਨ ਮਨੁੱਖ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਪਛਾਣੀਏ ਕਿ ਇਜ਼ਰਾਈਲੀ ਸਰਕਾਰ ਦਾ ਗਾਜ਼ਾ ਦੇ ਲੋਕਾਂ ਵਿਰੁੱਧ ਜਵਾਬੀ ਕਾਰਵਾਈਆਂ ਅਤੇ ਬਦਲੇ ਦੀ ਪੈਟਰਨ ਨਾ ਸਿਰਫ ਭਿਆਨਕ ਬਲਕਿ ਪੂਰੀ ਤਰ੍ਹਾਂ ਅਪਰਾਧਿਕ ਰਹੀ ਹੈ।" ਗਾਂਧੀ ਨੇ ਇਸ ਗੱਲ ਦਾ ਜ਼ਿਕਰ ਕਿਹਾ ਕਿ ਪਿਛਲੇ ਲਗਭਗ ਦੋ ਸਾਲਾਂ ਵਿੱਚ 55,000 ਤੋਂ ਵੱਧ ਫਲਸਤੀਨੀ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 17,000 ਬੱਚੇ ਸ਼ਾਮਲ ਹਨ। ਉਹਨਾਂ ਕਿਹਾ ਕਿ ਫਰਾਂਸ ਨੇ ਫਲਸਤੀਨੀ ਰਾਸ਼ਟਰ ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਅਤੇ ਬ੍ਰਿਟੇਨ, ਕੈਨੇਡਾ ਵਰਗੇ ਦੇਸ਼ਾਂ ਨੇ ਗਾਜ਼ਾ ਵਿੱਚ ਹਮਲੇ ਨੂੰ ਉਤਸ਼ਾਹਿਤ ਕਰਨ ਵਾਲੇ ਇਜ਼ਰਾਈਲੀ ਨੇਤਾਵਾਂ 'ਤੇ ਪਾਬੰਦੀਆਂ ਲਗਾਈਆਂ... ਇਸ ਮਨੁੱਖੀ ਸੰਕਟ ਦੇ ਪ੍ਰਤੀ ਦੁਨੀਆ ਭਰ ਵਿਚ ਉਭਰ ਰਹੀ ਵਿਸ਼ਵ ਚੇਤਨਾ ਦੇ ਵਿਚਕਾਰ, ਇਹ ਇਕ ਰਾਸ਼ਟਰੀ ਸ਼ਰਮ ਦੀ ਗੱਲ ਹੈ ਕਿ ਭਾਰਤ ਇਸ ਮਨੁੱਖਤਾ ਦੇ ਅਪਮਾਨ ਦਾ ਮੂਕ ਦਰਸ਼ਕ ਬਣਿਆ ਹੋਇਆ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਲੰਬੇ ਸਮੇਂ ਤੋਂ ਵਿਸ਼ਵ ਨਿਆਂ ਦਾ ਪ੍ਰਤੀਕ ਰਿਹਾ ਹੈ ਅਤੇ ਬਸਤੀਵਾਦ ਵਿਰੁੱਧ ਵਿਸ਼ਵ ਅੰਦੋਲਨਾਂ ਨੂੰ ਪ੍ਰੇਰਿਤ ਕੀਤਾ, ਸ਼ੀਤ ਯੁੱਧ ਦੇ ਯੁੱਗ ਦੌਰਾਨ ਸਾਮਰਾਜਵਾਦੀ ਦਬਦਬੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਰੰਗਭੇਦ ਵਿਰੁੱਧ ਦੱਖਣੀ ਅਫਰੀਕਾ ਦੇ ਅੰਤਰਰਾਸ਼ਟਰੀ ਸੰਘਰਸ਼ ਦੀ ਅਗਵਾਈ ਕੀਤੀ ਹੈ। ਸੋਨੀਆ ਗਾਂਧੀ ਨੇ ਕਿਹਾ, "ਜਦੋਂ ਮਾਸੂਮ ਮਨੁੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਜਾ ਰਿਹਾ ਹੈ, ਭਾਰਤ ਦਾ ਆਪਣੀਆਂ ਕਦਰਾਂ-ਕੀਮਤਾਂ ਤੋਂ ਦੂਰ ਹੋਣਾ ਰਾਸ਼ਟਰੀ ਜ਼ਮੀਰ 'ਤੇ ਇੱਕ ਧੱਬਾ ਹੈ, ਸਾਡੇ ਇਤਿਹਾਸਕ ਯੋਗਦਾਨਾਂ ਦੀ ਅਣਦੇਖੀ ਹੈ ਅਤੇ ਸਾਡੇ ਸੰਵਿਧਾਨਕ ਮੁੱਲਾਂ ਨਾਲ ਕਾਇਰਤਾਪੂਰਨ ਵਿਸ਼ਵਾਸਘਾਤ ਵੀ ਹੈ।"
ਸੋਨੀਆ ਗਾਂਧੀ ਨੇ ਕਿਹਾ, "ਗਾਜ਼ਾ ਦੇ ਲੋਕਾਂ 'ਤੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਲਗਾਤਾਰ ਅੱਤਿਆਚਾਰਾਂ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਦੀ ਸ਼ਰਮਨਾਕ ਚੁੱਪੀ ਬਹੁਤ ਨਿਰਾਸ਼ਾਜਨਕ ਹੈ। ਇਹ ਨੈਤਿਕ ਕਾਇਰਤਾ ਦੀ ਸਿਖਰ ਹੈ।" ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੋਦੀ ਉਸ ਵਿਰਾਸਤ ਦੇ ਹੱਕ ਵਿੱਚ ਸਪੱਸ਼ਟ ਅਤੇ ਦਲੇਰ ਸ਼ਬਦਾਂ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਜਿਸਦੀ ਭਾਰਤ ਨੇ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਕਿਹਾ, “ਗਲੋਬਲ ਸਾਊਥ ਇੱਕ ਵਾਰ ਫਿਰ ਇਸ ਮੁੱਦੇ 'ਤੇ ਭਾਰਤ ਦੀ ਅਗਵਾਈ ਦੀ ਉਡੀਕ ਕਰ ਰਿਹਾ ਹੈ ਜੋ ਅੱਜ ਪੂਰੀ ਮਨੁੱਖਤਾ ਦੀ ਸਮੂਹਿਕ ਜ਼ਮੀਰ ਨੂੰ ਹਿਲਾ ਰਿਹਾ ਹੈ।” 'ਗਲੋਬਲ ਸਾਊਥ' ਸ਼ਬਦ ਆਮ ਤੌਰ 'ਤੇ ਘੱਟ ਆਰਥਿਕ ਤੌਰ 'ਤੇ ਵਿਕਸਤ ਦੇਸ਼ਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।