ਖੰਨਾ : ਅੱਜ ਪੂਰੇ ਸੰਸਾਰ ਵਿਚ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਪੂਰੇ 3 ਦਿਨ ਚੱਲਦਾ ਹੈ। ਇਸ ਦਿਨ ਮੁਸਲਿਮ ਭਾਈਚਾਰੇ ਦੇ ਲੋਕ ਸਵੇਰੇ ਮਸਜਿਦ ਵਿਚ ਜਾਕੇ ਨਮਾਜ ਅਦਾ ਕਰਦੇ ਹਨ ਅਤੇ ਨਮਾਜ ਤੋਂ ਬਾਅਦ ਆਪਣੇ ਘਰਾਂ ਵਿਚ ਕੁਰਬਾਨੀ ਕਰਦੇ ਹਨ। ਇਸ ਦੇ ਚੱਲਦੇ ਅੱਜ ਖੰਨਾ ਦੀ ਜਾਮਾ ਮਸਜਿਦ ਵਿਚ ਵੀ ਮੁਸਲਿਮ ਭਾਈਚਾਰੇ ਦੇ ਲੋਕ ਨੇ ਈਦ ਉਲ ਅਜਹਾ ਦੀ ਨਮਾਜ ਅਦਾ ਕੀਤੀ ਅਤੇ ਨਮਾਜ ਪੜਨ ਤੋਂ ਬਾਅਦ ਵਿਚ ਮਸਜਿਦ ਦੇ ਵਿਚ ਮੌਲਵੀ ਮੁਹੰਮਦ ਹੁਸੈਨ-ਸਾਰੇ ਨਿਮਾਜ਼ੀਆਂ ਨੂੰ ਖੁਟਬਾ ਪੜ੍ਹ ਕੇ ਸੁਣਾਇਆ ਅਤੇ ਬਾਦ ਵਿਚ ਇਕ ਦੂਜੇ ਦੇ ਗਲੇ ਮਿਲਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਮਸਜਿਦ ਦੇ ਮੌਲਵੀ ਮੁਹੰਮਦ ਹੁਸੈਨ ਨੇ ਦੱਸਿਆ ਕਿ ਹਜ਼ਰਤ ਇਬਰਾਹੀਮ ਅਲੈਹਿਸਸਲਾਮ ਨੂੰ ਸੁਪਨਾ ਆਇਆ ਸੀ ਕਿ ਉਹ ਅੱਲਾਹ ਦੀ ਰਜ਼ਾ ਲਈ ਆਪਣੇ ਪੁੱਤਰ ਹਜ਼ਰਤ ਇਸਮਾਈਲ ਅਲੈਹਿਸਸਲਾਮ ਦੀ ਕੁਰਬਾਨੀ ਦੇ ਰਹੇ ਹਨ। ਜਦੋਂ ਹਜ਼ਰਤ ਇਬਰਾਹੀਮ ਨੇ ਇਹ ਗੱਲ ਆਪਣੇ ਪੁੱਤਰ ਇਸਮਾਈਲ ਨੂੰ ਦੱਸੀ ਤਾਂ ਇਸਮਾਈਲ ਨੇ ਕਿਹਾ ਕਿ “ਪਿਤਾ ਜੀ, ਜੇ ਅੱਲਾਹ ਤਆਲਾ ਦੀ ਰਜ਼ਾ ਲਈ ਮੇਰੀ ਕੁਰਬਾਨੀ ਦੇਣੀ ਪਵੇ ਤਾਂ ਇਸ ਤੋਂ ਵੱਡੀ ਖੁਸ਼ੀ ਮੇਰੇ ਲਈ ਹੋਰ ਕੀ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸੇ ਯਾਦ ਵਿਚ ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਵੱਲੋਂ ਬਕਰਾ ਈਦ ਮੌਕੇ ਕੁਰਬਾਨੀ ਕੀਤੀ ਜਾਂਦੀ ਹੈ ਅਤੇ ਅੱਲਾਹ ਦਾ ਹੁਕਮ ਮੰਨਿਆ ਜਾਂਦਾ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਆਪਸੀ ਭਾਈਚਾਰਾ, ਪਿਆਰ ਅਤੇ ਅਮਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ।