ਰਾਜ ਸਭਾ ਵਿੱਚ ਅੱਜ ਵੀ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਜਾਰੀ ਹੈ। ਅੱਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵਲੋਂ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਸ਼ੁਰੂ ਕੀਤੀ ਗਈ, ਜਿਸ ਵਿਚ ਉਹਨਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ। ਉਨ੍ਹਾਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ। ਸਿੰਧੂ ਜਲ ਸਮਝੌਤੇ 'ਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ, "... ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ, ਜਦੋਂ ਤੱਕ ਪਾਕਿਸਤਾਨ ਅੱਤਵਾਦ ਦਾ ਸਮਰਥਨ ਕਰਨਾ ਪੂਰੀ ਤਰ੍ਹਾਂ ਬੰਦ ਨਹੀਂ ਕਰ ਦਿੰਦਾ... ਖੂਨ ਅਤੇ ਪਾਣੀ ਇਕੱਠੇ ਨਹੀਂ ਵਹਿਣਗੇ...।" ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਆਪ੍ਰੇਸ਼ਨ ਸਿੰਦੂਰ ਰਾਹੀਂ ਦਿੱਤਾ ਅਤੇ ਜਦੋਂ ਵੀ ਪਾਕਿਸਤਾਨ ਹਮਲਾ ਕਰੇਗਾ, ਅਸੀਂ ਇਸ ਨੂੰ ਉਸੇ ਤਰ੍ਹਾਂ ਦਾ ਢੁਕਵਾਂ ਜਵਾਬ ਦੇਵਾਂਗੇ।
ਰਾਜ ਸਭਾ ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਚਰਚਾ ਦੌਰਾਨ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ, "ਸਿੰਧੂ ਜਲ ਸੰਧੀ ਕਈ ਤਰੀਕਿਆਂ ਨਾਲ ਇੱਕ ਵਿਲੱਖਣ ਸਮਝੌਤਾ ਹੈ। ਮੈਂ ਦੁਨੀਆ ਵਿੱਚ ਕਿਸੇ ਵੀ ਸਮਝੌਤੇ ਬਾਰੇ ਨਹੀਂ ਸੋਚ ਸਕਦਾ, ਜਿੱਥੇ ਕਿਸੇ ਦੇਸ਼ ਨੇ ਆਪਣੀਆਂ ਪ੍ਰਮੁੱਖ ਨਦੀਆਂ ਨੂੰ ਉਸ ਨਦੀ 'ਤੇ ਅਧਿਕਾਰ ਤੋਂ ਬਿਨਾਂ ਦੂਜੇ ਦੇਸ਼ ਵਿੱਚ ਵਹਿਣ ਦਿੱਤਾ ਹੋਵੇ।'' ਰਾਜ ਸਭਾ ਵਿੱਚ "ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ 'ਆਪ੍ਰੇਸ਼ਨ ਸਿੰਦੂਰ' 'ਤੇ ਵਿਸ਼ੇਸ਼ ਚਰਚਾ" ਨੂੰ ਅੱਗੇ ਵਧਾਉਂਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਾਲਾਂ ਤੋਂ ਅੱਤਵਾਦ ਦਾ ਸੰਤਾਪ ਝੱਲ ਰਿਹਾ ਹੈ ਅਤੇ ਅਸੀਂ ਆਪ੍ਰੇਸ਼ਨ ਸਿੰਦੂਰ ਰਾਹੀਂ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ। ਅੱਤਵਾਦ ਨੂੰ ਰੋਕਣਾ ਸਾਡਾ 'ਗਲੋਬਲ ਏਜੰਡਾ' ਹੈ। ਅਸੀਂ ਪਾਕਿਸਤਾਨ ਵਿਰੁੱਧ ਕਈ ਕਦਮ ਚੁੱਕੇ, ਅਸੀਂ ਹਰ ਪਲੇਟਫਾਰਮ 'ਤੇ ਪਾਕਿਸਤਾਨ ਨੂੰ ਬੇਨਕਾਬ ਕੀਤਾ। ਮੋਦੀ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਨਹਿਰੂ ਦੀਆਂ ਨੀਤੀਆਂ ਦੀਆਂ ਗਲਤੀਆਂ ਨੂੰ ਸੁਧਾਰਿਆ।
ਉਨ੍ਹਾਂ ਕਿਹਾ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਇਆ ਅੱਤਵਾਦੀ ਹਮਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਸੀ, ਜਿਸ ਵਿਚ ਲਕਸ਼ਮਣ ਰੇਖਾ ਨੂੰ ਪਾਰ ਕੀਤਾ ਗਿਆ ਸੀ ਅਤੇ 26 ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ। ਆਪ੍ਰੇਸ਼ਨ ਸਿੰਦੂਰ ਭਾਰਤ ਦਾ ਅੱਤਵਾਦ ਪ੍ਰਤੀ ਜਵਾਬ ਹੈ ਅਤੇ ਪੂਰੀ ਦੁਨੀਆ ਨੇ ਭਾਰਤ ਦਾ ਅੱਤਵਾਦ ਪ੍ਰਤੀ ਜਵਾਬ ਦੇਖਿਆ। ਉਨ੍ਹਾਂ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਅਟਾਰੀ ਸਰਹੱਦ ਨੂੰ ਬੰਦ ਕਰਨ ਵਰਗੇ ਕੂਟਨੀਤਕ ਫੈਸਲਿਆਂ ਦਾ ਜ਼ਿਕਰ ਕੀਤਾ। ਪਹਿਲਗਾਮ ਹਮਲੇ ਤੋਂ ਬਾਅਦ, ਸਰਕਾਰ ਦੀ ਸੁਰੱਖਿਆ ਮਾਮਲਿਆਂ ਦੀ ਕਮੇਟੀ ਦੀ ਤੁਰੰਤ ਮੀਟਿੰਗ ਹੋਈ ਜਿਸ ਵਿੱਚ ਕਈ ਫੈਸਲੇ ਲਏ ਗਏ। ਜੈਸ਼ੰਕਰ ਨੇ ਕਿਹਾ ਕਿ 1947 ਤੋਂ ਭਾਰਤ ਵਿੱਚ ਸਰਹੱਦ ਪਾਰ ਹਮਲੇ ਹੋ ਰਹੇ ਹਨ, ਹਰ ਹਮਲੇ ਤੋਂ ਬਾਅਦ ਪਾਕਿ ਨਾਲ ਗੱਲਬਾਤ ਹੋਈ ਸੀ। "ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।" ਵਿਦੇਸ਼ ਮੰਤਰੀ ਨੇ ਕਿਹਾ, "ਅਸੀਂ ਅੱਤਵਾਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਪਾਕਿ ਵਿਰੁੱਧ ਕਈ ਕਦਮ ਚੁੱਕੇ, ਅਸੀਂ ਹਰ ਪਲੇਟਫਾਰਮ 'ਤੇ ਪਾਕਿਸਤਾਨ ਨੂੰ ਬੇਨਕਾਬ ਕੀਤਾ। ਸਾਡੀ ਸਰਕਾਰ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲੈ ਆਈ।"