ਪੁਤਰਜਯਾ, ਮਲੇਸ਼ੀਆ : ਦੋ ਦੇਸ਼ਾਂ ਵਿਚ ਜਾਰੀ ਜੰਗ ਖ਼ਤਮ ਹੋ ਗਈ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਕਿਹਾ ਹੈ ਕਿ ਥਾਈਲੈਂਡ ਅਤੇ ਕੰਬੋਡੀਆ ਸੋਮਵਾਰ ਅੱਧੀ ਰਾਤ ਤੋਂ "ਤੁਰੰਤ ਅਤੇ ਬਿਨਾਂ ਸ਼ਰਤ" ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਹੋਏ ਟਕਰਾਅ ਵਿੱਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 260,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਅਨਵਰ ਨੇ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਖੇਤਰੀ ਸਮੂਹ ਦੇ ਮੁਖੀ ਵਜੋਂ ਗੱਲਬਾਤ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਆਮ ਸਥਿਤੀ ਨੂੰ ਬਹਾਲ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਸਹਿਮਤੀ 'ਤੇ ਪਹੁੰਚ ਗਈਆਂ ਹਨ। ਅਨਵਰ ਨੇ ਇੱਕ ਸਾਂਝੇ ਬਿਆਨ ਨੂੰ ਪੜ੍ਹਦੇ ਹੋਏ ਕਿਹਾ ਕਿ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਟ ਅਤੇ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਫੁਮਥਮ ਵੇਚਾਇਆਚਾਈ "28 ਜੁਲਾਈ ਦੀ ਅੱਧੀ ਰਾਤ ਤੋਂ ਤੁਰੰਤ ਅਤੇ ਬਿਨਾਂ ਸ਼ਰਤ ਜੰਗਬੰਦੀ" ਲਈ ਸਹਿਮਤ ਹੋਏ ਹਨ। ਹੁਨ ਮਾਨੇਟ ਅਤੇ ਫੁੰਥਮ ਨੇ ਮੀਟਿੰਗ ਦੇ ਨਤੀਜੇ ਦੀ ਸ਼ਲਾਘਾ ਕੀਤੀ ਅਤੇ ਇੱਕ ਸੰਖੇਪ ਪ੍ਰੈਸ ਕਾਨਫਰੰਸ ਸਮਾਪਤ ਕਰਨ ਤੋਂ ਬਾਅਦ ਹੱਥ ਮਿਲਾਏ।