ਖਰੜ : ਕੇਂਦਰ ਸਰਕਾਰ ਵਲੋਂ ਖਰੜ ਦੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਨਾਲ ਸਬੰਧਤ ਮਹਾਰਾਜਾ ਅੱਜ ਸਰੋਵਰ ਦੇ ਵਿਕਾਸ ਲਈ 94 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ ਕਰਨ ਉਪਰੰਤ ਅੱਜ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਅਤੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਖਰੜ ਦੇ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਏ ਅਤੇ ਕਿਹਾ ਕਿ ਇਹ ਗ੍ਰਾਂਟ ਦਾ ਮਿਲਣਾ ਪ੍ਰਭੂ ਸ੍ਰੀ ਰਾਮ ਦੀ ਕਿਰਪਾ ਨਾਲ ਹੀ ਸੰਭਵ ਹੋ ਸਕਿਆ ਹੈ।
ਇਸ ਮੌਕੇ ਇਕੱਠੇ ਹੋਏ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਜਿਨਾਂ ਦੀ ਸਹਿਮਤੀ ਨਾਲ ਹੀ ਇਹ ਗ੍ਰਾਂਟ ਜਾਰੀ ਹੋਈ ਹੈ। ਉਨਾਂ ਦੇਸ਼ ਦੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਗਜੇਂਦਰ ਸੇਖਾਵਤ ਜਿਨਾਂ ਨੂੰ ਸੰਧੂ ਕੁਝ ਦਿਨ ਪਹਿਲਾਂ ਇਸ ਗ੍ਰਾਂਟ ਲਈ ਮਿਲੇ ਸਨ, ਦਾ ਵੀ ਧੰਨਵਾਦ ਕੀਤਾ।
ਉਨਾਂ ਕਿਹਾ ਕਿ ਇਸ ਗ੍ਰਾਂਟ ਨਾਲ ਜੋ ਵਿਕਾਸ ਹੋਵੇਗਾ, ਉਹ ਇੱਕ ਪੜਾਅ ਹੈ, ਮੰਜਿਲ ਨਹੀਂ। ਉਨਾਂ ਕਿਹਾ ਕਿ ਇਹ ਗ੍ਰਾਂਟ ਇਸ ਲਈ ਪ੍ਰਾਪਤ ਹੋਈ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਵਿਰਾਸਤ ਅਤੇ ਸੰਸਕ੍ਰਿਤੀ ਨੂੰ ਸੰਭਾਲਣ ਲਈ ਇਹ ਯੋਜਨਾ ਬਣਾਈ ਹੈ। ਉਨਾਂ ਕਿਹਾ ਕਿ ਇਸ ਗ੍ਰਾਂਟ ਨਾਲ ਅਸੀਂ ਨਾ ਕੇਵਲ ਆਪਣੀ ਵਿਰਾਸਤ ਨੂੰ ਸੰਭਾਲਾਂਗੇ ਬਲਕਿ ਇਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਛੱਡ ਕੇ ਜਾਵਾਂਗੇ ਤਾਂ ਕਿ ਉਹ ਇਸ ਵਿਰਾਸਤ ਤੋਂ ਸਿੱਖਿਆ ਪ੍ਰਾਪਤ ਕਰਨ।
ਉਨਾਂ ਕਿਹਾ ਕਿ ਇਸ ਗ੍ਰਾਂਟ ਨਾਲ ਖਰੜ ਦੀ ਪਹਿਚਾਣ ਨਾ ਕੇਵਲ ਸਾਰੇ ਭਾਰਤ ਵਿਚ ਬਲਕਿ ਵਿਦੇਸਾਂ ਤੱਕ ਵੀ ਹੋ ਜਾਵੇਗੀ। ਉਨਾਂ ਖਰੜ ਦੀਆਂ ਸਮੱਸਿਆਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਵਿਉਂਤਬੰਦੀ ਨਾਲ ਇਨਾਂ ਸਮੱਸਿਆਵਾਂ ਦੇ ਹੱਲ ਲਈ ਯੋਜਨਾ ਬਣਾਈਏ। ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਵਲੋਂ ਸੰਧੂ ਦਾ ਸਨਮਾਨ ਕੀਤਾ ਗਿਆ ਅਤੇ ਉਨਾਂ ਤੋਂ ਭਵਿੱਖ ਵਿਚ ਵੀ ਪੂਰਨ ਸਹਿਯੋਗ ਦੀ ਆਸ ਪ੍ਰਗਟ ਕੀਤੀ ਹੈ।