ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ 'ਤੇ ਹੋਈਆਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਹੁਣ ਤੱਕ 50 ਵਾਰਡਾਂ ਵਿਚੋਂ 45 ਵਾਰਡਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਕਪੂਰਥਲਾ ਨਗਰ ਨਿਗਮ ਦੇ 28 ਵਾਰਡਾਂ ਵਿਚ ਕਾਂਗਰਸ ਦੀ ਜਿੱਤ ਹੋਈ ਹੈ। ਸੱਤਾਧਿਰ ਨੇ 10 ਸੀਟਾਂ ਹਾਸਲ ਕੀਤੀਆਂ ਹਨ। ਇਸ ਦੇ ਇਲਾਵਾ 2 ਸੀਟ 'ਤੇ ਅਕਾਲੀ ਦਲ, 3 'ਤੇ ਭਾਜਪਾ ਅਤੇ ਦੋ ਸੀਟਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਇਥੇ ਦੱਸ ਦੇਈਏ ਕਿ ਕਪੂਰਥਲਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਹੁਣ ਤੱਕ ਦੇ ਸਾਹਮਣੇ ਆਏ ਨਜੀਤਿਆਂ ਵਿਚ ਕਾਂਗਰਸ ਦੀ ਅੱਗੇ ਚੱਲ ਰਹੀ ਹੈ। ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵੋਟਾਂ ਦੀ ਗਿਣਤੀ ਨੂੰ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਦੋਵਾਂ ਗਿਣਤੀ ਕੇਂਦਰਾਂ ’ਤੇ ਲਗਭਗ 200 ਕਾਉਂਟਿੰਗ ਸਟਾਫ਼ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਰਿਜ਼ਰਵ ਸਟਾਫ਼ ਵੀ ਸ਼ਾਮਲ ਹੈ।
ਕਪੂਰਥਲਾ ਨਗਰ ਨਿਗਮ ਦੀਆਂ ਵੋਟਾਂ ਦੀ ਗਿਣਤੀ 'ਵਿਰਸਾ ਵਿਹਾਰ' ਵਿਖੇ ਬਣਾਏ ਗਏ ਗਿਣਤੀ ਕੇਂਦਰ ਵਿਚ ਕੀਤੀ ਜਾ ਰਹੀ ਹੈ, ਜਦਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਵੋਟਾਂ ਦੀ ਗਿਣਤੀ ਬੀ. ਡੀ. ਪੀ. ਓ. ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਹੋ ਰਹੀ ਹੈ। ਮਾਨਯੋਗ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਬੈਲੇਟ ਬਾਕਸ ਰੱਖਣ ਵਾਲੇ ਸਟਰਾਂਗ ਰੂਮਾਂ ਦੇ ਅੰਦਰ ਅਤੇ ਬਾਹਰ ਮੁਕੰਮਲ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਹੈ ਤਾਂ ਜੋ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਦੋਵਾਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਕਰੜੇ ਪ੍ਰਬੰਧ ਕਰਦਿਆਂ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਕਿਸੇ ਵੀ ਗੈਰ-ਸੰਬੰਧਤ ਵਿਅਕਤੀ ਨੂੰ ਬਿਨਾਂ ਅਧਿਕਾਰਤ ਪਾਸ ਦੇ ਅੰਦਰ ਜਾਣ ਦੀ ਬਿਲਕੁਲ ਇਜਾਜ਼ਤ ਨਹੀਂ ਹੋਵੇਗੀ।