ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਜ਼ਿਲ੍ਹੇ ਵਿੱਚ ਆਮ ਗੈਰ-ਸੰਚਾਰੀ ਬਿਮਾਰੀਆਂ (ਐੱਨ.ਸੀ.ਡੀ.) ਦੀ ਰੋਕਥਾਮ, ਕੰਟਰੋਲ ਅਤੇ ਸਕਰੀਨਿੰਗ ਦੇ ਕੰਮਕਾਜ ਵਿੱਚ ਹੋਰ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਕਮਿਊਨਿਟੀ ਹੈਲਥ ਅਫਸਰਾਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਸਿਵਲ ਸਰਜਨ ਨੇ ਐੱਨ.ਸੀ.ਡੀ. ਪ੍ਰੋਗਰਾਮ ਤਹਿਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ-ਸਿਰ ਪਛਾਣ ਅਤੇ ਇਲਾਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿਮਾਰੀਆਂ ਹੌਲੀ-ਹੌਲੀ ਵਧਦੀਆਂ ਹਨ ਅਤੇ ਸਮੇਂ-ਸਿਰ ਸਕਰੀਨਿੰਗ ਨਾਲ ਇਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।
ਡਾ. ਗੁਰਿੰਦਰਜੀਤ ਸਿੰਘ ਜੀ ਨੇ ਕਮਿਊਨਿਟੀ ਹੈਲਥ ਅਫਸਰਾਂ ਨੂੰ ਹਦਾਇਤ ਕੀਤੀ ਕਿ ਆਮ ਲੋਕਾਂ ਨੂੰ ਐੱਨ.ਸੀ.ਡੀ. ਬਾਰੇ ਜਾਗਰੂਕ ਕੀਤਾ ਜਾਵੇ ਅਤੇ 30 ਸਾਲ ਤੋਂ ਉਪਰ ਦੇ ਹਰ ਵਿਅਕਤੀ ਦੀ ਨਿਯਮਿਤ ਸਕਰੀਨਿੰਗ ਤੇ ਫਾਲੋਅੱਪ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਰਿਕਾਰਡ ਸੰਭਾਲ ਅਤੇ ਰਿਪੋਰਟਿੰਗ ਨੂੰ ਵੀ ਸਹੀ ਅਤੇ ਸਮੇਂ-ਸਿਰ ਕਰਨ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਨੇ ਕਿਹਾ ਕਿ ਆਯੂਸ਼ਮਾਨ ਆਰੋਗਿਆ ਕੇਂਦਰਾਂ ਦੀ ਭੂਮਿਕਾ ਐੱਨ.ਸੀ.ਡੀ. ਪ੍ਰੋਗਰਾਮ ਦੀ ਸਫਲਤਾ ਵਿੱਚ ਬਹੁਤ ਅਹਿਮ ਹੈ। ਕਮਿਊਨਿਟੀ ਹੈਲਥ ਅਫਸਰ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਬਿਮਾਰੀਆਂ ਦੀ ਜਲਦੀ ਪਛਾਣ ਅਤੇ ਸਹੀ ਰੈਫ਼ਰਲ ਕਰ ਸਕਦੇ ਹਨ।
ਅੰਤ ਵਿੱਚ ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਸਾਰੇ ਸਿਹਤ ਕਰਮਚਾਰੀ ਟੀਮ ਭਾਵਨਾ ਨਾਲ ਕੰਮ ਕਰਦਿਆਂ ਐੱਨ.ਸੀ.ਡੀ. ਪ੍ਰੋਗਰਾਮ ਨੂੰ ਹੋਰ ਅਸਰਦਾਰ ਬਣਾਉਣਗੇ, ਤਾਂ ਜੋ ਜ਼ਿਲ੍ਹੇ ਦੇ ਵਸਨੀਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਰਣਜੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਏ ਐੱਚ ਏ ਪੂਜਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।