ਬੀਤੇ ਦਿਨੀਂ ਈਰਾਨ-ਇਜ਼ਰਾਈਲ ਵਿਚਾਲੇ ਜੰਗ ਵਾਲੇ ਹਾਲਾਤ ਬਣ ਗਏ ਸਨ ਤੇ ਇਸ ਦੌਰਾਨ ਦੋਵਾਂ ਦੇਸ਼ਾਂ ਵੱਲੋਂ ਇਕ-ਦੂਜੇ 'ਤੇ ਤਾਬੜਤੋੜ ਹਮਲੇ ਕੀਤੇ ਗਏ ਸਨ, ਜਿਸ ਕਾਰਨ 1000 ਦੇ ਕਰੀਬ ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹਜ਼ਾਰਾਂ ਹੀ ਹੋਰ ਲੋਕ ਜ਼ਖ਼ਮੀ ਹੋਏ ਸਨ। ਆਖ਼ਿਰਕਾਰ 12 ਦਿਨ ਜੰਗ ਲੜਨ ਤੋਂ ਬਾਅਦ ਦੋਵੇਂ ਦੇਸ਼ ਸੀਜ਼ਫਾਇਰ ਲਈ ਰਾਜ਼ੀ ਹੋ ਗਏ ਤੇ ਹੁਣ ਦੋਵਾਂ ਦੇਸ਼ਾਂ ਵਿਚਾਲੇ ਕੁਝ ਹੱਦ ਤੱਕ ਸਥਿਤੀ ਸ਼ਾਂਤ ਹੈ।
ਹੁਣ ਇਸੇ ਮਾਮਲੇ 'ਚ ਈਰਾਨੀ ਅਦਾਲਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੀਤੇ ਸੋਮਵਾਰ ਤਹਿਰਾਨ ਦੀ ਮਸ਼ਹੂਰ ਐਵਿਨ ਜੇਲ੍ਹ 'ਤੇ ਵੀ ਇਜ਼ਰਾਈਲ ਨੇ ਵੱਡਾ ਹਮਲਾ ਕੀਤਾ ਸੀ, ਜਿਸ ਕਾਰਨ ਉੱਥੇ ਘੱਟੋ-ਘੱਟ 71 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਇਸ ਜੇਲ੍ਹ 'ਚ ਕਈ ਸਿਆਸੀ ਆਗੂਆਂ ਤੇ ਵਰਕਰਾਂ ਨੂੰ ਰੱਖਿਆ ਗਿਆ ਹੈ।
ਈਰਾਨ ਦੀ ਇਕ ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਇਸ ਹਮਲੇ 'ਚ ਜੇਲ੍ਹ 'ਚ ਤਾਇਨਾਤ ਕਈ ਕਰਮਚਾਰੀ, ਜਵਾਨ, ਕੈਦੀ ਤੇ ਕੈਦੀਆਂ ਨੂੰ ਮਿਲਣ ਆਏ ਪਰਿਵਾਰਕ ਮੈਂਬਰ ਸ਼ਾਮਲ ਹਨ। ਹਾਲਾਂਕਿ ਇਜ਼ਰਾਈਲ ਨੇ ਜੇਲ੍ਹ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ, ਪਰ ਉਸ ਨੇ ਈਰਾਨ 'ਤੇ ਕਈ ਹਵਾਈ ਹਮਲੇ ਕਰਨ ਦੀ ਗੱਲ ਜ਼ਰੂਰ ਕਬੂਲੀ ਸੀ, ਜਿਨ੍ਹਾਂ 'ਚ ਕਈ ਫ਼ੌਜੀ ਟਿਕਾਣੇ ਵੀ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਐਵਿਨ ਜੇਲ ਉੱਤਰੀ ਤਹਿਰਾਨ ਵਿੱਚ ਸਥਿਤ ਹੈ ਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਇਸ ਦਾ ਸੰਚਾਲਨ ਕੀਤਾ ਜਾਂਦਾ ਹੈ। ਇੱਥੇ ਰਾਜਨੀਤਿਕ ਆਗੂਆਂ ਅਤੇ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ 'ਚ ਫਰਾਂਸੀਸੀ ਨਾਗਰਿਕ ਸੇਸੀਲ ਕੋਹਲਰ ਅਤੇ ਜੈਕ ਪੈਰਿਸ ਸ਼ਾਮਲ ਹਨ, ਜਿਨ੍ਹਾਂ ਨੂੰ 2022 ਤੋਂ ਜਾਸੂਸੀ ਦੇ ਦੋਸ਼ਾਂ ਵਿੱਚ ਹਿਰਾਸਤ ਵਿੱਚ ਰੱਖਿਆ ਗਿਆ ਹੈ।