ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਯੂਰਪ ਵਿੱਚ ਇੱਕ ਨੇਤਾ ਵਜੋਂ ਉੱਭਰ ਰਹੀ ਹੈ। ਉਹ ਪ੍ਰਵਾਸੀਆਂ ਵਿਰੁੱਧ ਆਪਣੀ ਸਖ਼ਤ ਕਾਰਵਾਈ ਲਈ ਜਾਣੀ ਜਾਂਦੀ ਹੈ। ਮੇਲੋਨੀ ਨੇ ਇਟਲੀ ਵਿੱਚ ਮੱਧਵਾਦੀ ਅਤੇ ਸੱਜੇ-ਪੱਖੀ ਤਾਕਤਾਂ ਨੂੰ ਇੱਕਜੁੱਟ ਕੀਤਾ ਹੈ। ਜਦੋਂ ਅਕਤੂਬਰ 2022 ਵਿੱਚ ਜਾਰਜੀਆ ਮੇਲੋਨੀ ਸੱਤਾ ਵਿੱਚ ਆਈ, ਤਾਂ ਇਟਲੀ ਅਤੇ ਯੂਰਪ ਦੇ ਲੋਕਾਂ ਨੂੰ ਡਰ ਸੀ ਕਿ ਉਹ ਦੇਸ਼ ਨੂੰ ਫਾਸੀਵਾਦ ਦੇ ਰਾਹ 'ਤੇ ਲੈ ਜਾਵੇਗੀ। ਉਸ ਸਮੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਉਨ੍ਹਾਂ ਦੀ ਚੋਣ ਨੂੰ ਦੁਨੀਆ ਵਿੱਚ ਲੋਕਤੰਤਰ ਲਈ ਤਾਨਾਸ਼ਾਹੀ ਦੇ ਖ਼ਤਰੇ ਦੀ ਇੱਕ ਉਦਾਹਰਣ ਦੱਸਿਆ ਸੀ। ਪਰ ਮੇਲੋਨੀ ਨੇ ਆਪਣੀ ਲੀਡਰਸ਼ਿਪ ਨਾਲ ਆਲੋਚਕਾਂ ਨੂੰ ਗਲਤ ਸਾਬਤ ਕੀਤਾ ਹੈ।
48 ਸਾਲਾ ਮੇਲੋਨੀ ਆਪਣੇ ਕਾਰਜਕਾਲ ਦੇ ਤੀਜੇ ਸਾਲ ਵਿੱਚ ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ ਹੈ। ਉਸਨੇ ਇਟਲੀ ਦੀ ਅਰਾਜਕ ਸਰਕਾਰ ਨੂੰ ਸਥਿਰਤਾ ਦਿੱਤੀ ਹੈ। ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਹੈ। ਸਰਕਾਰੀ ਮਸ਼ੀਨਰੀ ਦੀ ਤਾਕਤ ਵਧਾਈ ਹੈ। ਮੀਡੀਆ ਵਿਰੁੱਧ ਸਖ਼ਤ ਸਟੈਂਡ ਅਪਣਾਇਆ ਹੈ। ਮੇਲੋਨੀ ਨੇ ਇਕ ਪੱਤਰਕਾਰ ਨੂੰ ਕਿਹਾ ਕਿ ਪਹਿਲਾਂ ਸਾਨੂੰ ਆਪਣੀ ਸੰਸਕ੍ਰਿਤੀ, ਆਪਣੀ ਪਛਾਣ, ਆਪਣੀ ਸੱਭਿਅਤਾ ਦੀ ਰੱਖਿਆ ਕਰਨੀ ਪਵੇਗੀ। ਉਹ ਕਹਿੰਦੀ ਹੈ, ਮੇਰੀ ਰਾਸ਼ੀ ਮਕਰ ਹੈ। ਇਸ ਲਈ ਮੈਂ ਕੁਝ ਮਾਮਲਿਆਂ ਵਿੱਚ ਦ੍ਰਿੜ ਰਹਿੰਦੀ ਹਾਂ। ਮੇਲੋਨੀ ਦੀ ਭੈਣ ਏਰੀਆਨਾ ਦਾ ਕਹਿਣਾ ਹੈ,"ਉਹ ਬਚਪਨ ਤੋਂ ਹੀ ਅਜਿਹੀ ਰਹੀ ਹੈ।"
2004 ਵਿੱਚ 27 ਸਾਲ ਦੀ ਉਮਰ ਵਿੱਚ ਉਸਨੂੰ ਨੈਸ਼ਨਲ ਅਲਾਇੰਸ ਪਾਰਟੀ ਦੇ ਯੁਵਾ ਸਮੂਹ ਦੀ ਅਗਵਾਈ ਮਿਲੀ। ਦੋ ਸਾਲ ਬਾਅਦ ਉਹ ਰੋਮ ਤੋਂ ਸੰਸਦ ਲਈ ਚੁਣੀ ਗਈ। ਉਸਨੂੰ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦੀ ਸਰਕਾਰ ਵਿੱਚ ਯੁਵਾ ਮਾਮਲਿਆਂ ਦੀ ਮੰਤਰੀ ਬਣਾਇਆ ਗਿਆ। 31 ਸਾਲ ਦੀ ਉਮਰ ਵਿੱਚ ਉਹ ਇਟਲੀ ਦੀ ਸਭ ਤੋਂ ਛੋਟੀ ਉਮਰ ਦੀ ਕੈਬਨਿਟ ਮੰਤਰੀ ਸੀ। ਮੇਲੋਨੀ ਨੇ 2012 ਵਿੱਚ ਗੱਠਜੋੜ ਸਰਕਾਰ ਛੱਡ ਕੇ ਜੋਖਮ ਲਿਆ। 2016 ਵਿੱਚ ਗਰਭਵਤੀ ਹੁੰਦੇ ਹੋਏ ਰੋਮ ਦੇ ਮੇਅਰ ਦੀ ਚੋਣ ਲੜ ਕੇ ਉਸ ਨੇ ਦੇਸ਼ ਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ। ਪਰ ਮੇਲੋਨੀ ਚੋਣ ਹਾਰ ਗਈ। ਹਾਲਾਂਕਿ 2018 ਵਿੱਚ ਉਸਦੀ ਪਾਰਟੀ ਨੇ ਸੰਸਦ ਵਿੱਚ ਇੱਕ ਦਰਜਨ ਸੀਟਾਂ ਜਿੱਤੀਆਂ। ਕੋਵਿਡ ਦੌਰਾਨ ਮੇਲੋਨੀ ਨੇ ਅੰਤਰਿਮ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। 2022 ਦੀਆਂ ਚੋਣਾਂ ਵਿੱਚ ਉਸਦਾ ਗੱਠਜੋੜ ਸਭ ਤੋਂ ਵੱਧ ਸੀਟਾਂ ਨਾਲ ਸੱਤਾ ਵਿੱਚ ਆਇਆ। ਮੇਲੋਨੀ ਦਾ ਕਹਿਣਾ ਹੈ ਭਾਵੇਂ ਆਲੋਚਕ ਕੁਝ ਵੀ ਕਹਿਣ, ਮੈਂ ਫਾਸੀਵਾਦੀ ਅਤੇ ਨਸਲਵਾਦੀ ਨਹੀਂ ਹਾਂ।