ਇਟਲੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਰਵੇ ਨੂੰ 2-1 ਨਾਲ ਹਰਾ ਕੇ 1997 ਤੋਂ ਬਾਅਦ ਪਹਿਲੀ ਵਾਰ ਯੂ.ਈ.ਐੱਫ.ਏ. ਮਹਿਲਾ ਯੂਰੋ 2025 ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਬੁੱਧਵਾਰ ਨੂੰ ਖੇਡੇ ਗਏ ਕੁਆਰਟਰਫਾਈਨਲ ਮੁਕਾਬਲੇ ’ਚ ਪਹਿਲੇ ਹਾਫ ’ਚ ਤਨਾਅਪੂਰਨ ਸ਼ੁਰੂਆਤ ਤੋਂ ਬਾਅਦ ਕ੍ਰਿਸਟਿਯਾਨਾ ਗਿਰੇਲੀ ਨੇ 50 ਮਿੰਟ ਬਾਅਦ ਵਨ-ਟੱਚ ਗੋਲ ਕਰ ਕੇ ਇਟਲੀ ਨੂੰ ਬੜ੍ਹਤ ਦੁਆਈ। ਇਸ ਦੇ ਤੁਰੰਤ ਬਾਅਦ ਨਾਰਵੇ ਨੇ ਜਵਾਬੀ ਹਮਲਾ ਕਰਦੇ ਹੋਏ ਬਾਕਸ ’ਚ ਏਡਾ ਹੇਗਰਬਰਗ ’ਤੇ ਕੀਤੇ ਗਏ ਫਾਉਲ ਲਈ ਪੈਨਲਟੀ ਦਿੱਤੀ ਗਈ। ਨਾਰਵੇ ਦੀ ਕਪਤਾਨ ਨੇ ਸਪਾਟ ਕਿੱਕ ਦੀ ਜ਼ਿੰਮੇਵਾਰੀ ਲਈ ਪਰ ਇਸ ਟੂਰਨਾਮੈਂਟ ’ਚ ਦੂਸਰੀ ਵਾਰ ਉਸ ਦਾ ਯਤਨ ਗੋਲਪੋਸਟ ਤੋਂ ਬਾਹਰ ਚਲਾ ਗਿਆ।
ਇਟਲੀ ਨੇ 28 ਸਾਲ ਬਾਅਦ ਯੂ.ਈ.ਐੱਫ.ਏ. ਮਹਿਲਾ ਯੂਰੋ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। ਹੇਗਰਬਰਗ ਨੂੰ ਇਨ੍ਹਾਂ ਗਲਤੀਆਂ ਨੂੰ ਸੁਧਾਰਨ ’ਚ ਸਿਰਫ 6 ਮਿੰਟ ਲੱਗੇ ਅਤੇ ਉਸ ਨੇ ਨੇੜਿਓਂ ਮਾਰੇਨ ਮਜੇਲਡੇ ਦੀ ਸ਼ਾਨਦਾਰ ਗੇਂਦ ਨੂੰ ਗੋਲਪੋਸਟ ’ਚ ਸੁੱਟਣ ’ਚ ਕੋਈ ਗਲਤੀ ਨਹੀਂ ਕੀਤੀ। ਉਦੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਖੇਡ ਵਾਧੂ ਸਮੇਂ ਤੱਕ ਖਿੱਚੀ ਜਾ ਸਕਦੀ ਹੈ ਪਰ ਇਟਲੀ ਨੇ ਬੜ੍ਹਤ ਆਖਰੀ ਸਮੇਂ ’ਚ ਗਿਰੇਲੀ ਦੇ ਜ਼ੋਰਦਾਰ ਹੈੱਡਰ ਨਾਲ ਵਧਾ ਕੇ 2-1 ਕਰ ਦਿੱਤੀ। ਇਟਲੀ ਨੇ ਇਸ ਤੋਂ ਬਾਅਦ ਵਿਰੋਧੀਆਂ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ।