ਗੁਵਾਹਾਟੀ : ਆਸਾਮ ਦੇ ਹੈਲਾਕਾਂਡੀ ਜ਼ਿਲੇ ਵਿਚ 327 ਕਰੋੜ ਰੁਪਏ ਦੀ ਡਰੱਗਜ਼ ਜ਼ਬਤ ਕੀਤੀ ਗਈ ਹੈ ਅਤੇ ਇਸ ਸਿਲਸਿਲੇ ਵਿਚ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਸੂਬੇ ਵਿਚ ਹੁਣ ਤੱਕ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਹੈ।
ਅਧਿਕਾਰੀਆਂ ਅਨੁਸਾਰ, ਆਸਾਮ ਰਾਇਫਲਜ਼ ਅਤੇ ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ. ਆਰ. ਆਈ.) ਨੂੰ ਇਸ ਸਬੰਧੀ ਮਿਲੀ ਪੁਖਤਾ ਜਾਣਕਾਰੀ ਦੇ ਆਧਾਰ ’ਤੇ ਮਿਜ਼ੋਰਮ ਦੀ ਸਰਹੱਦ ਨਾਲ ਲੱਗਦੇ ਰਾਮਨਾਥਪੁਰ ਇਲਾਕੇ ਵਿਚ ਮੰਗਲਵਾਰ ਰਾਤ ਇਕ ਮੁਹਿੰਮ ਚਲਾਈ ਗਈ, ਜਿਸ ਵਿਚ ਯਾਬਾ ਦੀਆਂ 109.2 ਕਿਲੋ ਗੋਲੀਆਂ ਜ਼ਬਤ ਕੀਤੀਆਂ ਗਈਆਂ ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਅਨੁਮਾਨਿਤ ਕੀਮਤ 327 ਕਰੋੜ ਰੁਪਏ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਵਰਤੇ ਜਾ ਰਹੇ ਦੋ ਟਰੱਕ, ਇੱਕ ਮੋਬਾਈਲ ਫੋਨ, ਇਕ ਆਧਾਰ ਕਾਰਡ ਅਤੇ ਇਕ ‘ਡਰਾਈਵਿੰਗ ਲਾਇਸੈਂਸ’ ਵੀ ਜ਼ਬਤ ਕੀਤਾ ਗਿਆ ਹੈ।