ਦੁਬਈ : ਸ਼ੁੱਕਰਵਾਰ ਨੂੰ ਦੁਬਈ ਏਅਰ ਸ਼ੋਅ ਵਿੱਚ ਪ੍ਰਦਰਸ਼ਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਭਾਰਤੀ ਐੱਚਏਐਲ ਤੇਜਸ ਸਥਾਨਕ ਸਮੇਂ ਅਨੁਸਾਰ ਦੁਪਹਿਰ 2:10 ਵਜੇ ਦੇ ਕਰੀਬ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਪਾਇਲਟ ਬਾਹਰ ਨਿਕਲਿਆ ਜਾਂ ਨਹੀਂ। ਇਸ ਦੌਰਾਨ ਏਅਰ ਸ਼ੋਅ ਦੇਖਣ ਲਈ ਔਰਤਾਂ ਅਤੇ ਬੱਚਿਆਂ ਸਣੇ ਭਾਰੀ ਭੀੜ ਇਕੱਠੀ ਹੋਈ ਸੀ।
ਜਹਾਜ਼ ਹਵਾ ਵਿਚ ਸ਼ਾਨਦਾਰ ਮੋੜ ਲੈ ਰਿਹਾ ਸੀ, ਇਸੇ ਦੌਰਾਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਕੁਝ ਹੀ ਸਕਿੰਟਾਂ ਵਿਚ ਤੇਜਸ ਹੇਠਾਂ ਝੁਕਦਾ ਹੈ ਤੇ ਸਿੱਧਾ ਜ਼ਮੀਨ ਨਾਲ ਟਕਰਾ ਗਿਆ ਤੇ ਇਸ ਦੌਰਾਨ ਜ਼ਬਰਦਸਤ ਧਮਾਕਾ ਦੇਖਿਆ ਗਿਆ। ਇਸ ਦੌਰਾਨ ਉੱਚਾ ਕਾਲੇ ਧੂੰਏ ਦਾ ਗੁਬਾਰ ਦੇਖਿਆ ਗਿਆ। ਸਭ ਤੋਂ ਵੱਡੀ ਚਿੰਤਾ ਪਾਇਲਟ ਦੀ ਹਾਲਤ ਨੂੰ ਲੈ ਕੇ ਬਣੀ ਹੋਈ ਹੈ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਸਮਾਂ ਰਹਿੰਦੇ ਇਜੈਕਟ ਕੀਤਾ ਜਾਂ ਨਹੀਂ। ਰੱਖਿਆ ਸੂਤਰਾਂ ਦੇ ਮੁਤਾਬਕ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਦੁਬਈ ਏਅਰ ਸ਼ੋਅ ਦੁਨੀਆ ਦੇ ਪ੍ਰਮੁੱਖ ਏਵੀਏਸ਼ਨ ਆਯੋਜਨਾਂ ਵਿਚੋਂ ਇਕ ਹੈ, ਜਿਥੇ ਦੁਨੀਆਭਰ ਦੀਆਂ ਏਅਰਲਾਈਨਜ਼ ਤੇ ਫੌਜ ਉਤਪਾਦਕ ਆਪਣੀ ਤਕਨੀਕ ਦਿਖਾਉਂਦੇ ਹਨ। ਇਸ ਹਾਦਸੇ ਨਾਲ ਏਅਰ ਸ਼ੋਅ ਦੀ ਸੁਰੱਖਿਆ ਉੱਤੇ ਗੰਭੀਰ ਸਵਾਲ ਪੈਦਾ ਹੋਏ ਹਨ। ਆਯੋਜਨ ਵਾਲੀ ਥਾਂ ਉੱਤੇ ਐਮਰਜੈਂਸੀ ਬਲ ਤੁਰੰਤ ਤਾਇਨਾਤ ਕੀਤੇ ਗਏ ਹਨ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।