ਚੰਡੀਗੜ੍ਹ : ਚੰਡੀਗੜ੍ਹ 'ਚ ਬੀਤੇ ਦਿਨਾਂ ਤੋਂ ਮੀਂਹ ਪੈਣ ਅਤੇ ਬੱਦਲਵਾਈ ਕਾਰਨ ਮੌਸਮ ਸੁਹਾਵਣਾ ਬਣਿਆ ਹੋਇਆ ਹੈ। ਇਸ ਕਾਰਨ ਲੋਕ ਸੁਖਨਾ ਝੀਲ 'ਤੇ ਜਾ ਕੇ ਆਨੰਦ ਮਾਣ ਰਹੇ ਹਨ ਪਰ ਇਨ੍ਹਾਂ ਲੋਕਾਂ ਦਾ ਦਿਲ ਉਸ ਵੇਲੇ ਦਹਿਲ ਗਿਆ, ਜਦੋਂ ਸੋਮਵਾਰ ਨੂੰ ਝੀਲ 'ਤੇ ਕਈ ਫੁੱਟ ਲੰਬਾ ਅਜਗਰ ਦੇਖਿਆ ਗਿਆ। ਇੰਨੇ ਲੰਬੇ ਅਜਗਰ ਨੂੰ ਦੇਖ ਕੇ ਲੋਕ ਬੁਰੀ ਤਰ੍ਹਾਂ ਡਰ ਗਏ ਅਤੇ ਇੱਧਰ-ਉੱਧਰ ਭੱਜਣ ਲੱਗੇ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ।
ਕੰਟਰੋਲ ਰੂਮ ਵਲੋਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਕੁੱਝ ਦੇਰ ਬਾਅਦ ਜੰਗਲਾਤ ਵਿਭਾਗ ਦੀਆਂ ਟੀਮ ਸੁਖਨਾ ਝੀਲ 'ਤੇ ਪੁੱਜੀ ਅਤੇ ਅਜਗਰ ਨੂੰ ਫੜ੍ਹਨ ਲਈ ਰੈਸਕਿਊ ਸ਼ੁਰੂ ਕੀਤਾ। ਕਰੀਬ 2 ਘੰਟਿਆਂ ਤੱਕ ਚੱਲੀ ਰੈਸਕਿਊ ਮੁਹਿੰਮ ਦੌਰਾਨ ਅਜਗਰ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਗਿਆ ਅਤੇ ਫਿਰ ਉਸ ਨੂੰ ਜੰਗਲ 'ਚ ਛੱਡ ਦਿੱਤਾ ਗਿਆ।
ਦੱਸਣਯੋਗ ਹੈ ਕਿ ਇਸ ਸਮੇਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਅਤੇ ਸੁਖਨਾ ਝੀਲ ਦੇ ਨੇੜੇ-ਤੇੜੇ ਜੰਗਲੀ ਇਲਾਕਾ ਹੈ, ਜਿਸ ਕਾਰਨ ਸੱਪਾਂ ਦਾ ਨਿਕਲਣਾ ਆਮ ਗੱਲ ਹੈ। ਅਜਗਰ ਬਿਨਾਂ ਜ਼ਹਿਰ ਵਾਲੇ ਸੱਪ ਹੁੰਦੇ ਹਨ ਪਰ ਇਨ੍ਹਾਂ ਦੀ ਮਜ਼ਬੂਤ ਪਕੜ ਕਾਰਨ ਇਹ ਖ਼ਤਰਨਾਕ ਹੋ ਸਕਦੇ ਹਨ।