ਭਾਰਤੀ ਟੀਮ 5 ਮੈਚਾਂ ਦੀ ਲੜੀ ਦੇ ਤੀਜੇ ਟੀ-20 ਕੌਮਾਂਤਰੀ ਵਿਚ ਐਤਵਾਰ ਨੂੰ ਇੱਥੇ ਦੱਖਣੀ ਅਫਰੀਕਾ ਵਿਰੁੱਧ ਮੈਦਾਨ ’ਤੇ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ’ਤੇ ਹੋਣਗੀਆਂ, ਜਿਹੜਾ ਇਸ ਰੂਪ ਵਿਚ ਖੁਦ ਨੂੰ ਸਾਬਤ ਕਰ ਚੁੱਕੇ ਸੰਜੂ ਸੈਮਸਨ ਦੀ ਜਗ੍ਹਾ ਲੈਣ ਤੋਂ ਬਾਅਦ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ ਹੈ।
ਗਿੱਲ ਨੂੰ ਲੜੀ ਦੇ ਬਾਕੀ ਬਚੇ ਤਿੰਨੇ ਮੈਚਾਂ ਵਿਚ ਆਖਰੀ-11 ਵਿਚ ਜਗ੍ਹਾ ਮਿਲਣਾ ਲੱਗਭਗ ਤੈਅ ਹੈ ਪਰ ਉਸਦੇ ਲਈ ਚੀਜ਼ਾਂ ਆਸਾਨ ਨਹੀਂ ਹਨ। ਟੀ-20 ਵਿਸ਼ਵ ਕੱਪ ਹੁਣ ਸਿਰਫ 6 ਹਫਤੇ ਦੂਰ ਹੈ ਤੇ ਇਹ ਸਲਾਮੀ ਬੱਲੇਬਾਜ਼ ਇਨ੍ਹਾਂ ਮੈਚਾਂ ਵਿਚ ਜੇਕਰ ਲੈਅ ਹਾਸਲ ਕਰਨ ਵਿਚ ਅਸਫਲ ਰਿਹਾ ਤਾਂ ਟੀਮ ਦੂਜੀ ਯੋਜਨਾ ’ਤੇ ਕੰਮ ਕਰਨ ਦਾ ਮਨ ਬਣਾ ਸਕਦੀ ਹੈ। ਧਰਮਸ਼ਾਲਾ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿਣ ਦਾ ਅੰਦਾਜ਼ਾ ਹੈ ਤੇ ਬਰਫ ਨਾਲ ਢਕੀਆਂ ਧੌਲਾਧਾਰ ਦੀਆਂ ਪਹਾੜੀਆਂ ਵਿਚ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਪਹਿਲਾਂ ਭਾਰਤੀ ਡ੍ਰੈਸਿੰਗ ਰੂਮ ਦੇ ਅੰਦਰ ਮਾਹੌਲ ਗਰਮ ਹੋਵੇਗਾ। ਕਪਤਾਨ ਸੂਰਯਕੁਮਾਰ ਯਾਦਵ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਖਰਾਬ ਲੈਅ ’ਤੇ ਸਵਾਲ ਉੱਠ ਰਹੇ ਹਨ ਜਦਕਿ ਉਪ ਕਪਤਾਨ ਗਿੱਲ ਅਜੇ ਤੱਕ ਭਰੋਸਾ ਜਗਾਉਣ ਵਿਚ ਅਸਫਲ ਰਿਹਾ ਹੈ।
ਸੰਜੂ ਸੈਮਸਨ ਵਰਗੇ ਸਥਾਪਿਤ ਬੱਲੇਬਾਜ਼ ਦੀ ਕੀਮਤ ’ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਗਿੱਲ ਪ੍ਰਭਾਵ ਛੱਡਣ ਵਿਚ ਸੰਘਰਸ਼ ਕਰਦਾ ਨਜ਼ਰ ਆਇਆ ਹੈ। ਐਨਰਿਕ ਨੋਰਤਜੇ, ਮਾਰਕੋ ਜਾਨਸੇਨ, ਲੂੰਗੀ ਇਨਗਿਡੀ, ਓਟਨੀਲ ਬਾਰਟਮੈਨ ਤੇ ਲੁਥੋ ਸਿੰਪਾਲਾ ਵਰਗੇ ਗੇਂਦਬਾਜ਼ਾਂ ਨਾਲ ਸਜ਼ੀ ਦੱਖਣੀ ਅਫਰੀਕੀ ਟੀਮ ਦਾ ਤੇਜ਼ ਗੇਂਦਬਾਜ਼ੀ ਹਮਲਾ ਪਹਿਲਾਂ ਹੀ ਦਿਖਾ ਚੁੱਕਾ ਹੈ ਕਿ ਭਾਰਤੀ ਹਾਲਾਤ ਦਾ ਕਿਵੇਂ ਫਾਇਦਾ ਚੁੱਕਿਆ ਜਾਵੇ। ਧਰਮਸ਼ਾਲਾ ਵਿਚ ਹਾਲਾਤ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹੋਣਗੇ। ਦੁਨੀਆ ਭਰ ਦੀਆਂ ਮੌਜੂਦਾ ਟੀ-20 ਟੀਮਾਂ ਨੂੰ ਦੇਖੋ ਤਾਂ ਦੱਖਣੀ ਅਫਰੀਕਾ ਇਸ ਵਾਰ ਉਪ ਮਹਾਦੀਪ ਵਿਚ ਖਿਤਾਬ ਜਿੱਤਣ ਲਈ ਕਾਫੀ ਮਜ਼ਬੂਤ ਤੇ ਸੰਤੁਲਿਤ ਨਜ਼ਰ ਆ ਰਹੀ ਹੈ। ਕਵਿੰਟਨ ਡੀ ਕੌਕ ਦੀ ਵਾਪਸੀ ਤੇ ਉਸਦੇ ਨਾਲ ਕਪਤਾਨ ਐਡਨ ਮਾਰਕ੍ਰਾਮ, ਡੇਵਾਲਡ ਬ੍ਰੇਵਿਸ, ਡੋਨੋਵਨ ਫੇਰੇਰੀਆ, ਡੇਵਿਡ ਮਿਲਰ ਤੇ ਆਲਰਾਊਂਡਰ ਜਾਨਸੇਨ ਦੀ ਮੌਜੂਦਗੀ ਨੇ ਉਸਦੀ ਬੱਲੇਬਾਜ਼ੀ ਨੂੰ ਬੇਹੱਦ ਖਤਰਨਾਕ ਬਣਾ ਦਿੱਤਾ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਹੁਣ ਭਾਰਤ ਕੋਲ ਸਿਰਫ 8 ਮੈਚ ਬਚੇ ਹਨ। ਅਜਿਹੇ ਵਿਚ ਮੁੱਖ ਕੋਚ ਗੌਤਮ ਗੰਭੀਰ ਦੇ ਸਾਹਮਣੇ ਮੁਸ਼ਕਿਲ ਚੁਣੌਤੀਆਂ ਹਨ। ਖਰਾਬ ਫਾਰਮ ਨਾਲ ਜੂਝ ਰਹੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੂੰ ਇਕੱਠੇ ਖਿਡਾਉਣਾ ਸ਼ਾਇਦ ਟੀਮ ਲਈ ਜੋਖਮ ਭਰਿਆ ਸਾਬਤ ਹੋ ਸਕਦਾ ਹੈ। ਕਪਤਾਨ ਹੋਣ ਦੇ ਨਾਤੇ ਸੂਰਯਕੁਮਾਰ ਯਾਦਵ ਨੂੰ ਇਕ ਸਾਲ ਤੋਂ ਖਰਾਬ ਫਾਰਮ ਦੇ ਬਾਵਜੂਦ ਵਿਸ਼ਵ ਕੱਪ ਤੱਕ ਕੁਝ ਹੱਦ ਤੱਕ ਸੁਰੱਖਿਆ ਮਿਲਣ ਦੀ ਸੰਭਾਵਨਾ ਹੈ ਪਰ ਇਹ ਛੋਟ ਗਿੱਲ ਨੂੰ ਮਿਲਣਾ ਮੁਸ਼ਕਿਲ ਹੈ ਕਿਉਂਕਿ ਉਹ ਏਸ਼ੀਆ ਕੱਪ ਤੋਂ ਪਹਿਲਾਂ ਤੱਕ ਪਾਰੀ ਦਾ ਆਗਾਜ਼ ਕਰਨ ਲਈ ਮੂਲ ਬਦਲ ਨਹੀਂ ਸੀ। ਛੋਟੇ ਰੂਪ ਦੀ ਟੀਮ ਵਿਚ ਉਸਦੀ ਵਾਪਸੀ ਹੁਣ ਅਜਿਹੇ ਫੈਸਲੇ ਦੀ ਤਰ੍ਹਾਂ ਦਿਸ ਰਹੀ ਹੈ, ਜਿਸ ਵਿਚ ਬਿਨਾਂ ਲੋੜ ਇਕ ਸੰਤੁਲਿਤ ਸੁਮੇਲ ਨਾਲ ਛੇੜਛਾੜ ਕੀਤੀ ਗਈ। ਗਿੱਲ ਨੂੰ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਦੇ ਫੈਸਲੇ ਨੂੰ ਸਹੀ ਸਾਬਤ ਕਰਨ ਲਈ ਆਸਾਧਾਰਨ ਪ੍ਰਦਰਸ਼ਨ ਕਰਨਾ ਪਵੇਗਾ।
ਇੰਗਲੈਂਡ ਵਿਰੁੱਧ ਇਕ ਖਰਾਬ ਲੜੀ ਤੋਂ ਬਾਅਦ ਸੰਜੂ ਸੈਮਸਨ ਨੂੰ ਬਾਹਰ ਕਰਨ ਦਾ ਫੈਸਲਾ ਅਜੇ ਵੀ ਸਵਾਲਾਂ ਦੇ ਘੇਰੇ ਵਿਚ ਹੈ। ਟੈਸਟ ਤੇ ਵਨ ਡੇ ਵਿਚ ਕਲਾਤਮਕ ਬੱਲੇਬਾਜ਼ੀ ਕਰਨ ਵਾਲੇ ਕਪਤਾਨ ਗਿੱਲ ਨੂੰ ਟੀ-20 ਰੂਪ ਵਿਚ ਦੁਬਾਰਾ ਖੁਦ ਨੂੰ ਢਾਲਣਾ ਪਵੇਗਾ। ਉਸ ਨੂੰ ਬਾਕੀ ਤਿੰਨ ਵਿਚੋਂ ਘੱਟ ਤੋਂ ਘੱਟ 2 ਮੈਚਾਂ ਵਿਚ ਵੱਡੀਆਂ ਪਾਰੀਆਂ ਖੇਡਣੀ ਪੈਣਗੀਆਂ। ਅਜਿਹਾ ਨਹੀਂ ਹੋਇਆ ਤਾਂ ਸੈਮਸਨ ਦੀ ਵਾਪਸੀ ਜਾਂ ਫਿਰ 165 ਦੀ ਸ਼ਾਨਦਾਰ ਟੀ-20 ਕੌਮਾਂਤਰੀ ਸਟ੍ਰਾਈਕ ਰੇਟ ਵਾਲੇ ਯਸ਼ਸਵੀ ਜਾਇਸਵਾਲ ਨੂੰ ਨਿਊਜ਼ੀਲੈਂਡ ਲੜੀ ਵਿਚ ਮੌਕਾ ਮਿਲ ਸਕਦਾ ਹੈ। ਭਾਰਤੀ ਕੋਚ ਗੰਭੀਰ ਦੀ ਪਛਾਣ ਮਜ਼ਬੂਤ ਫੈਸਲੇ ਲੈਣ ਦੀ ਹੈ ਪਰ ਦੂਜੇ ਟੀ-20 ਵਿਚ ਅਕਸ਼ਰ ਪਟੇਲ ਨੂੰ ਨੰਬਰ-3 ’ਤੇ ਬੱਲੇਬਾਜ਼ੀ ਲਈ ਭੇਜਣ ਨੂੰ ਇਕ ਵੱਡੀ ਰਣਨੀਤਿਕ ਗਲਤੀ ਦੀ ਤਰ੍ਹਾਂ ਦੇਖਿਆ ਜਾ ਰਿਹਾ ਹੈ। ਇਸ ਫੈਸਲੇ ਦੀ ਕਾਫੀ ਅਾਲੋਚਨਾ ਹੋਈ ਤੇ ਉਮੀਦ ਹੈ ਕਿ ਤੀਜੇ ਮੈਚ ਵਿਚ ਇਸ ਤਰ੍ਹਾਂ ਦਾ ਪ੍ਰਯੋਗ ਦੇਖਣ ਨੂੰ ਨਹੀਂ ਮਿਲੇਗਾ।
ਸੂਰਯਕੁਮਾਰ ਦੇ ਫਿਰ ਤੋਂ ਨੰਬਰ-3 ’ਤੇ ਪਰਤਣ ਦੀ ਸੰਭਾਵਨਾ ਹੈ, ਜਿੱਥੇ ਉਸ ਨੇ ਕਾਫੀ ਸਫਲਤਾ ਹਾਸਲ ਕੀਤੀ ਹੈ। ਇਸ ਤਰ੍ਹਾਂ ਬੱਲੇਬਾਜ਼ੀ ਕ੍ਰਮ ਵਿਚ ਜ਼ਿਆਦਾ ਫੇਰਬਦਲ ਦੇ ਕਾਰਨ ਸ਼ਿਵਮ ਦੂਬੇ ਨੂੰ ਨੰਬਰ-8 ’ਤੇ ਭੇਜਣਾ ਵੀ ਇਕ ਕਮਜ਼ੋਰ ਫੈਸਲਾ ਰਿਹਾ, ਜਿਸ ਨੂੰ ਅਗਲੇ ਮੈਚ ਵਿਚ ਸੁਧਾਰਨ ਦੀ ਲੋੜ ਪਵੇਗੀ। ਕੁਲਦੀਪ ਯਾਦਵ ਅਜਿਹਾ ਗੇਂਦਬਾਜ਼ ਰਿਹਾ ਹੈ, ਜਿਸ ਨੇ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਹੈ। ਭਾਰਤੀ ਟੀਮ ਮੈਨੇਜਮੈਂਟ 8ਵੇਂ ਕ੍ਰਮ ਤੱਕ ਬੱਲੇਬਾਜ਼ੀ ਕਰਨ ਦੀ ਸਮਰੱਥਾ ਵਾਲਾ ਖਿਡਾਰੀ ਚਾਹੁੰਦੀ ਹੈ, ਅਜਿਹੇ ਵਿਚ ਆਰਮ ਦੇ ਇਸ ਖੱਬੂ ਸਪਿੰਨਰ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਧਰਮਸ਼ਾਲਾ ਵਿਚ ਵੀ ਕੁਲਦੀਪ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਵਰੁਣ ਚੱਕਰਵਰਤੀ ਦੇ ਨਾਲ ਉਸ ਨੂੰ ਖਿਡਾਉਣ ਨਾਲ ਬੱਲੇਬਾਜ਼ੀ ਸੰਤੁਲਨ ਵਿਗੜ ਸਕਦਾ ਹੈ। ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ ਇਸ ਲੜੀ ਵਿਚ ਖਾਸ ਨਹੀਂ ਰਿਹਾ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟੀਮ ਮੈਨੇਜਮੈਂਟ ਜਸਪ੍ਰੀਤ ਬੁਮਰਾਹ ਦੇ ਨਾਲ ਨਵੀਂ ਗੇਂਦ ਹਾਰਦਿਕ ਪੰਡਯਾ ਨੂੰ ਸੌਂਪਦੇ ਹੋਏ ਕੁਲਦੀਪ ਯਾਦਵ ਲਈ ਆਖਰੀ-11 ਵਿਚ ਜਗ੍ਹਾ ਬਣਾ ਪਾਉਂਦੀ ਹੈ ਜਾਂ ਨਹੀਂ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ-ਸੂਰਯਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਤਿਲਕ ਵਰਮਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਹਰਸ਼ਿਤ ਰਾਣਾ, ਸੰਜੂ ਸੈਮਸਨ।
ਦੱਖਣੀ ਅਫਰੀਕਾ- ਐਡਨ ਮਾਰਕ੍ਰਾਮ (ਕਪਤਾਨ), ਕਵਿੰਟਨ ਡੀ ਕੌਕ (ਵਿਕਟਕੀਪਰ), ਟ੍ਰਿਸਟਨ ਸਟੱਬਸ, ਡੇਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫੇਰੇਰੀਆ, ਮਾਰਕੋ ਜਾਨਸੇਨ, ਕੇਸ਼ਵ ਮਹਾਰਾਜ, ਲੂਥੋ ਸਿੰਪਾਲਾ,ਐਨਰਿਕ ਨੋਰਤਜੇ, ਲੂੰਗੀ ਇਨਗਿਡੀ, ਜਾਰਜ ਲਿੰਡੇ, ਕਵੇਨਾ ਮਫਾਕਾ, ਰੀਡਾ ਹੈਂਡ੍ਰਿੰਗਸ, ਕਵੇਨਾ ਮਫਾਕਾ, ਰੀਜਾ ਹੈਂਡ੍ਰਿਕਸ, ਕੌਰਬਿਨ ਬੌਸ਼ ਤੇ ਓਬਾਰਟਮੈਨ।