ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਸੈਨੇਟ ਚੋਣਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਕੈਂਪਸ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ 'ਆਪ' ਆਗੂਆਂ ਸਣੇ ਯੂਨੀਵਰਸਿਟੀ ਪੁੱਜੇ ਪਰ ਉਨ੍ਹਾਂ ਨੂੰ ਪੁਲਸ ਨੇ ਗੇਟ ਨੰਬਰ-1 'ਤੇ ਹੀ ਰੋਕ ਲਿਆ।
ਜਿਸ ਤੋਂ ਬਾਅਦ ਉਹ ਉੱਥੇ ਹੀ ਧਰਨੇ 'ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਤਾਨਾਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਗੱਡੀਆਂ ਨੂੰ ਯੂਨੀਵਰਸਿਟੀ ਜਾਣ ਤੋਂ ਰੋਕਿਆ ਨਹੀਂ ਜਾ ਰਿਹਾ ਪਰ ਆਪ ਆਗੂਆਂ ਨੂੰ ਚੰਡੀਗੜ੍ਹ ਦੇ ਬਾਰਡਰਾਂ 'ਤੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਫਿਰ ਸਾਹਮਣੇ ਆਈ ਹੈ। ਮਾਲਵਿੰਦਰ ਕੰਗ ਨੇ ਕਿਹਾ ਕਿ ਪੰਜਾਬ ਯੂਨੀਵਰਸਟੀ ਨੂੰ ਬਚਾਉਣ ਅਤੇ ਸੈਨਟ ਚੋਣਾਂ ਅਤੇ ਸਿੰਡੀਕੇਟ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਪੈਣਾ ਹੈ।
ਇਸ ਲਈ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਇਕੱਠੇ ਹੋਏ ਹਾਂ। ਯੂਨੀਵਰਸਿਟੀ ਨੇ ਸਾਨੂੰ ਰਾਜਨੀਤੀ ਵੀ ਸਿਖਾਈ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਅਤੇ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਜੋ ਕਰਨਾ ਪਵੇਗਾ, ਅਸੀਂ ਹੋਰ ਕਰਾਂਗੇ। ਫਿਰ ਵੀ ਬੇਨਤੀ ਨਾਲ ਵੀ. ਸੀ. ਨੂੰ ਕਹਾਂਗੇ ਕਿ ਸੈਨਟ ਚੋਣਾਂ ਨੂੰ ਬਹਾਲ ਕਰਨ।