ਚੰਡੀਗੜ੍ਹ : ਪੀ. ਜੀ. ਆਈ. ਦੀ ਨਿਊ ਓ. ਪੀ. ਡੀ. ’ਚ ਸ਼ਨੀਵਾਰ ਸਵੇਰੇ ਕਾਰਡ ਬਣਵਾਉਣ ਦੇ ਸਮੇਂ ਨੂੰ ਲੈ ਕੇ ਹੰਗਾਮਾ ਹੋ ਗਿਆ। ਪੰਜਵੀਂ ਮੰਜ਼ਲ ’ਤੇ ਸਥਿਤ ਸਕ੍ਰੀਨ ਵਿਭਾਗ ਦੇ ਕਾਰਡ ਕਾਊਂਟਰ ’ਤੇ ਇਕ ਮਹਿਲਾ ਹਸਪਤਾਲ ਅਟੈਂਡੈਂਟ ਤੇ ਸੁਰੱਖਿਆ ਗਾਰਡ ਵਿਚਾਲੇ ਤਿੱਖੀ ਬਹਿਸ ਹੋ ਗਈ। ਵਿਵਾਦ ਵੱਧਣ ਕਾਰਨ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਥਿਤੀ ਨੂੰ ਸੰਭਾਲਣ ਲਈ ਹੋਰ ਸੁਰੱਖਿਆ ਗਾਰਡ ਵੀ ਮੌਕੇ ’ਤੇ ਪਹੁੰਚੇ। ਬਾਅਦ ’ਚ ਮਹਿਲਾ ਦਾ ਕਾਰਡ ਬਣਾ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੀ. ਜੀ. ਆਈ. ’ਚ ਆਮ ਦਿਨਾਂ ਦੌਰਾਨ ਸਵੇਰੇ 11 ਵਜੇ ਤੱਕ ਕਾਰਡ ਬਣਾਏ ਜਾਂਦੇ ਹਨ, ਜਦਕਿ ਸ਼ਨੀਵਾਰ ਨੂੰ ਅੱਧੇ ਦਿਨ ਦੀ ਓ. ਪੀ. ਡੀ. ਹੋਣ ਕਾਰਨ ਕਾਰਡ ਬਣਾਉਣ ਦਾ ਸਮਾਂ ਸਵੇਰੇ 10:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਸ਼ਨੀਵਾਰ ਸਵੇਰੇ ਮਹਿਲਾ ਹਸਪਤਾਲ ਅਟੈਂਡੈਂਟ ਕਾਰਡ ਬਣਵਾਉਣ ਲਈ ਸਕ੍ਰੀਨ ਵਿਭਾਗ ਦੇ ਕਾਊਂਟਰ ’ਤੇ ਲੱਗੀ ਕਤਾਰ ’ਚ ਖੜ੍ਹੀ ਸੀ। ਇਸੇ ਦੌਰਾਨ ਕਰੀਬ 10:30 ਵਜੇ ਸੁਰੱਖਿਆ ਗਾਰਡ ਨੇ ਸਮਾਂ ਖ਼ਤਮ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਕਤਾਰ ’ਚੋਂ ਹਟਣ ਲਈ ਕਿਹਾ। ਇਸ ਗੱਲ ਨੂੰ ਲੈ ਕੇ ਮਹਿਲਾ ਤੇ ਸੁਰੱਖਿਆ ਗਾਰਡ ਵਿਚਾਲੇ ਬਹਿਸ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਵਿਵਾਦ ਵੱਧ ਗਿਆ ਅਤੇ ਆਸ-ਪਾਸ ਮੌਜੂਦ ਲੋਕ ਵੀ ਉੱਥੇ ਇਕੱਠੇ ਹੋ ਗਏ। ਸਥਿਤੀ ਵਿਗੜਦੀ ਦੇਖ ਹੋਰ ਸੁਰੱਖਿਆ ਗਾਰਡ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮਹਿਲਾ ਦਾ ਕਾਰਡ ਬਣਾ ਦਿੱਤਾ ਗਿਆ। ਘਟਨਾ ਦੌਰਾਨ ਕਾਰਡ ਕਾਊਂਟਰ ’ਤੇ ਕੁਝ ਸਮੇਂ ਲਈ ਤਣਾਅ ਪੂਰਨ ਮਾਹੌਲ ਬਣਿਆ ਰਿਹਾ।