ਦੇਸ਼ ਭਰ 'ਚ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ ਅਗਲੇ 2-3 ਦਿਨਾਂ ਅੰਦਰ ਮਾਨਸੂਨ ਪੰਜਾਬ, ਦਿੱਲੀ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਐਂਟਰੀ ਕਰ ਸਕਦਾ ਹੈ। ਫਿਲਹਾਲ ਦਿੱਲੀ 'ਚ ਪ੍ਰੀ-ਮਾਨਸੂਨ ਚੱਲ ਰਿਹਾ ਹੈ। ਦਿਨ ਦੇ ਸਮੇਂ ਅਸਮਾਨ 'ਚ ਬੱਦਲ ਛਾਏ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਤੇਜ਼ ਧੁੱਪ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਨਾਲ ਹੀ ਤਾਪਮਾਨ 'ਚ ਗਿਰਾਵਟ ਆਈ ਹੈ।
ਆਈਐੱਮਡੀ ਨੇ ਭਵਿੱਖਬਾਣੀ ਕੀਤੀ ਹੈ ਕਿ 21 ਤੋਂ 25 ਜੂਨ ਵਿਚਾਲੇ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਸਣੇ ਉੱਤਰ-ਪੱਛਮੀ ਭਾਰਤ 'ਚ ਭਾਰੀ ਮੀਂਹ ਪੈ ਸਕਦਾ ਹੈ। ਦੱਸਣਯੋਗ ਹੈ ਕਿ ਹਰ ਸਾਲ ਦਿੱਲੀ 'ਚ ਜੂਨ ਦੇ ਅੰਤ ਤੱਕ ਮਾਨਸੂਨ ਪਹੁੰਚ ਜਾਂਦਾ ਹੈ ਪਰ ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਦਸਤਕ ਦੇਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਦਿੱਲੀ 'ਚ ਮਾਨਸੂਨ 22 ਜੂਨ ਤੱਕ ਪਹੁੰਚਣ ਦੀ ਸੰਭਾਵਨਾ ਹੈ।