ਚੰਡੀਗੜ੍ਹ : ਆਮਦਨ ਟੈਕਸ ਵਿਭਾਗ, ਚੰਡੀਗੜ੍ਹ ਦੁਆਰਾ ਟੈਕਸਪੇਅਰਸ ਹੱਬ ਦਾ ਸ਼ਾਨਦਾਰ ਉਦਘਾਟਨ ਅੱਜ ਸੈਕਟਰ-43, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਕਨਵੈਨਸ਼ਨ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਸਿੱਧ ਰਾਸ਼ਟਰੀ ਹਾਕੀ ਖਿਡਾਰੀ ਅਤੇ ਚਾਰ ਵਾਰ ਦੇ ਓਲੰਪੀਅਨ ਸ਼੍ਰੀ ਮਨਪ੍ਰੀਤ ਸਿੰਘ, ਸ਼੍ਰੀਮਤੀ ਜਯੋਤੀ ਕੁਮਾਰੀ, ਪ੍ਰਿੰਸੀਪਲ ਡਾਇਰੈਕਟਰ ਜਨਰਲ ਆਫ ਇਨਕਮ ਟੈਕਸ (ਪ੍ਰਸ਼ਾਸਨ ਅਤੇ ਟੀਪੀਐੱਸ), ਨਵੀਂ ਦਿੱਲੀ ਅਤੇ ਸ਼੍ਰੀਮਤੀ ਆਮਰਪਾਲੀ ਦਾਸ, ਪ੍ਰਿੰਸੀਪਲ ਚੀਫ ਕਮਿਸ਼ਨਰ ਆਫ ਇਨਕਮ ਟੈਕਸ, ਚੰਡੀਗੜ੍ਹ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀ, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਸ਼ਾਮਲ ਹੋਏ।
ਟੈਕਸਪੇਅਰਸ ਹੱਬ 2 ਤੋਂ 4 ਜੁਲਾਈ 2025 ਤੱਕ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ, ਸੈਕਟਰ-43 ਦੇ ਕਨਵੈਨਸ਼ਨ ਹਾਲ ਵਿਖੇ ਆਮ ਜਨਤਾ ਲਈ ਖੁੱਲ੍ਹਾ ਰਹੇਗਾ, ਜੋ ਟੈਕਸ ਨਾਲ ਸਬੰਧਿਤ ਸਿੱਖਿਆ, ਸੇਵਾਵਾਂ ਅਤੇ ਸ਼ਮੂਲੀਅਤ ਲਈ ਇੱਕ ਲਾਈਵ ਅਤੇ ਇੰਟਰਐਕਟਿਵ ਪਲੈਟਫਾਰਮ ਪ੍ਰਦਾਨ ਕਰੇਗਾ।
ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਨੇ ਮੁੱਖ ਮਹਿਮਾਨ ਵਜੋਂ ਸੱਦਾ ਦੇਣ ਲਈ ਇਨਕਮ ਟੈਕਸ ਵਿਭਾਗ ਦਾ ਧੰਨਵਾਦ ਕੀਤਾ। ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਇਸ ਸਮਾਗਮ ਨੂੰ ਨਾਗਰਿਕਾਂ ਨਾਲ ਜੁੜਨ ਅਤੇ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੱਸਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟੈਕਸਪੇਅਰਸ ਦੇ ਯੋਗਦਾਨ ਨਾਲ ਖੇਡਾਂ, ਸਿੱਖਿਆ, ਸਿਹਤ ਸੰਭਾਲ ਅਤੇ ਬੁਨਿਆਦੀ ਢਾਂਚੇ ਵਰਗੀਆਂ ਮੁੱਖ ਜਨਤਕ ਸੇਵਾਵਾਂ ਨੂੰ ਸਹਿਯੋਗ ਮਿਲਦਾ ਹੈ।
ਉਨ੍ਹਾਂ ਨੇ ਖਾਸ ਤੌਰ 'ਤੇ ਟੈਕਸਪੇਅਰਸ ਨੂੰ ਬਿਹਤਰ ਉਪਕਰਣ, ਟ੍ਰੇਨਿੰਗ ਅਤੇ ਬੁਨਿਆਦੀ ਢਾਂਚੇ ਸਹਿਤ ਬਿਹਤਰ ਖੇਡ ਸਹੂਲਤਾਂ, ਦਾ ਕ੍ਰੈਡਿਟ ਦਿੱਤਾ, ਜੋ ਐਥਲੀਟਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉੱਤਮਤਾ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਦੀ ਅਪੀਲ ਕੀਤੀ ਅਤੇ ਉਮੀਦ ਕੀਤੀ ਕਿ ਟੈਕਸਪੇਅਰ ਹੱਬ ਪ੍ਰਭਾਵੀ ਤੌਰ ‘ਤੇ ਜਨਤਾ ਦੇ ਦਰਮਿਆਨ ਸਿੱਖਿਆ ਅਤੇ ਜਾਗਰੂਕਤਾ ਫੈਲਾਏਗਾ। ਉਨ੍ਹਾਂ ਨੇ ਇਸ ਸੰਦੇਸ਼ ਨੂੰ ਉਨ੍ਹਾਂ ਦੇ ਜੱਦੀ ਸਥਾਨ ਤੱਕ ਲੈ ਜਾਣ ਅਤੇ ਆਪਣੇ ਗੁਆਂਢੀਆਂ ਵਿਚਕਾਰ ਜਾਗਰੂਕਤਾ ਪੈਦਾ ਕਰਨ, ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨ ਅਤੇ ਟੈਕਸ ਪਾਲਣਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਦੇਣ ਦਾ ਵੀ ਸੰਕਲਪ ਕੀਤਾ।
ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਚੀਫ਼ ਕਮਿਸ਼ਨਰ ਸ਼੍ਰੀਮਤੀ ਆਮਰਪਾਲੀ ਦਾਸ ਨੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਆਯੋਜਨ ਤੋਂ ਕਿਤੇ ਵੱਧ ਹੈ - ਇਹ ਜਾਣਕਾਰੀ, ਗੱਲਬਾਤ, ਨਵੀਨਤਾ ਅਤੇ ਸਮਾਵੇਸ਼ ਲਈ ਇੱਕ ਪਲੈਟਫਾਰਮ ਹੈ। ਟੈਕਸਪੇਅਰਸ ਨੂੰ ਸਿੱਖਿਅਤ ਅਤੇ ਸਸ਼ਕਤ ਬਣਾਉਣ ਦੇ ਉਦੇਸ਼ ਨਾਲ, ਟੈਕਸਪੇਅਰਸ ਹੱਬ ਸਵੈ-ਇੱਛਤ ਪਾਲਣਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਿਭਾਗ ਦੇ ਟੈਕਸਪੇਅਰ-ਅਨੁਕੂਲ ਪਹੁੰਚ ਨੂੰ ਦਰਸਾਉਂਦਾ ਹੈ। ਤਿੰਨ ਦਿਨਾਂ ਤੱਕ, ਇਸ ਵਿੱਚ ਇੰਟਰਐਕਟਿਵ ਕਿਓਸਕ, ਸੈਮੀਨਾਰ, ਸ਼ਿਕਾਇਤ ਨਿਵਾਰਨ ਕੈਂਪ, ਹਿੱਸੇਦਾਰਾਂ ਨਾਲ ਜੁੜਾਅ, ਟੈਕਸ ਸਾਖ਼ਰਤਾ ਲਈ ਸਕੂਲ ਆਉਟਰੀਚ ਅਤੇ ਅਧਿਕਾਰੀਆਂ ਦੀ ਸਰਗਰਮ ਮੌਜੂਦਗੀ ਹੋਵੇਗੀ, ਨਾ ਕਿ ਲਾਗੂ ਕਰਨ ਵਾਲਿਆਂ ਵਜੋਂ।
ਉਦਘਾਟਨ ਸਮਾਰੋਹ ਵਿੱਚ ਟੈਕਸਪੇਅਰ ਸਹੂਲਤਾਂ ਅਤੇ ਜਾਗਰੂਕਤਾ ਪਹਿਲਕਦਮੀਆਂ ਨੂੰ ਉਜਾਗਰ ਕਰਨ ਵਾਲੇ ਬ੍ਰੋਸ਼ਰ ਜਾਰੀ ਕੀਤੇ ਗਏ। ਉੱਤਰ ਪੱਛਮੀ ਖੇਤਰ ਦੇ ਟੈਕਸਪੇਅਰਸ ਨੂੰ ਸਨਮਾਨਿਤ ਕਰਨ ਲਈ ਸਮਰਪਿਤ "ਥੈਂਕ ਯੂ ਟੈਕਸਪੇਅਰਸ" ਸਿਰਲੇਖ ਵਾਲੀ ਇੱਕ ਲਘੂ ਫਿਲਮ ਵੀ ਜਾਰੀ ਕੀਤੀ ਗਈ। ਟੈਕਸਪੇਅਰ ਹੱਬ ਵਿੱਚ ਸ਼ਿਕਾਇਤ ਨਿਵਾਰਣ ਸਹਾਇਤਾ ਕੇਂਦਰ ਅਤੇ ਟੈਕਸਪੇਅਰ ਜਾਣਕਾਰੀ ਸੇਵਾਵਾਂ ਲਈ ਕਿਓਸਕ ਸ਼ਾਮਲ ਸਨ।
ਜਨਤਾ ਨਾਲ ਜੁੜਨ ਲਈ ਨੁੱਕੜ ਨਾਟਕ ਅਤੇ ਵੀਆਰ ਗੇਮਾਂ ਸਮੇਤ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਨੁੱਕੜ ਨਾਟਕ ਨੇ ਰਚਨਾਤਮਕ ਤੌਰ 'ਤੇ ਇਨਕਮ ਟੈਕਸ ਰਿਟਰਨ (ITR) ਦਾਇਰ ਕਰਨ, ਰਿਫੰਡ ਦਾ ਦਾਅਵਾ ਕਰਨ ਅਤੇ ਦੇਸ਼ ਦੇ ਵਿਕਾਸ ਅਤੇ ਪ੍ਰਗਤੀ ਵਿੱਚ ਇਨਕਮ ਟੈਕਸ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਮੁੱਖ ਮਹਿਮਾਨ ਨੇ VR ਗੇਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ, ਜਿਸ ਨਾਲ ਇਹ ਅਨੁਭਵ ਹੋਰ ਵੀ ਜ਼ਿਆਦਾ ਇੰਟਰਐਕਟਿਵ ਅਤੇ ਯਾਦਗਾਰੀ ਹੋ ਗਿਆ। ਇਹ ਗਤੀਵਿਧੀਆਂ ਭਾਗੀਦਾਰਾਂ ਲਈ ਜਾਣਕਾਰੀ ਭਰਪੂਰ ਅਤੇ ਦਿਲਚਸਪ ਦੋਨੋਂ ਸਾਬਤ ਹੋਈਆਂ।
ਇਹ ਪ੍ਰੋਗਰਾਮ ਇਨਕਮ ਟੈਕਸ ਵਿਭਾਗ ਦੀ ਇੱਕ ਮੋਹਰੀ ਪਹਿਲ ਹੈ, ਜੋ ਕਿ ਇਨਕਮ ਟੈਕਸ ਡਾਇਰੈਕਟੋਰੇਟ (ਲੋਕ ਸੰਪਰਕ, ਛਪਾਈ ਅਤੇ ਪ੍ਰਕਾਸ਼ਨ) ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਇਨਕਮ ਟੈਕਸ, ਟੈਕਸਪੇਅਰ ਸੇਵਾਵਾਂ ਅਤੇ ਸਵੈ-ਇੱਛਤ ਪਾਲਣਾ ਬਾਰੇ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ।