ਮੁੰਬਈ : ਫ਼ਿਲਮ ਨਿਰਮਾਣ ਵਿੱਚ ਰਚਨਾਤਮਕਤਾ ਅਤੇ ਤਕਨੀਕ ਦੇ ਬਿਹਤਰ ਤਾਲਮੇਲ ਨਾਲ ਕਿਵੇਂ ਵੱਡੇ ਬਜਟ ਵਾਲੇ ਦ੍ਰਿਸ਼ਾਂ ਨੂੰ ਘੱਟ ਲਾਗਤ ਵਿੱਚ ਸਾਕਾਰ ਕੀਤਾ ਜਾ ਸਕਦਾ ਹੈ, ਇਸ ਦੀ ਮਿਸਾਲ ਫ਼ਿਲਮ ‘ਹਨੂੰਮਾਨ ਅੰਸ਼’ ਦੇ ਲੇਖਕ-ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਨੇ ਪੇਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਵਿੱਚ ਟ੍ਰੇਨ ਦੇ ਇੱਕ ਸ਼ਾਨਦਾਰ ਸੀਕੁਐਂਸ ਨੂੰ ਤਿਆਰ ਕਰਨ ਵਿੱਚ ਜਿੱਥੇ ਕਰੀਬ 1.5 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਸੀ, ਉੱਥੇ ਹੀ ਉਨ੍ਹਾਂ ਦੀ ਟੀਮ ਨੇ ਇਸ ਨੂੰ ਮਹਿਜ਼ 11.5 ਲੱਖ ਰੁਪਏ ਵਿੱਚ ਤਿਆਰ ਕਰ ਲਿਆ।
ਵਿਸ਼ਾਲ ਚਤੁਰਵੇਦੀ ਨੇ ਫ਼ਿਲਮ ਨਾਲ ਜੁੜਿਆ ਇਹ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਇਸ ਸੀਕੁਐਂਸ ਵਿੱਚ ਨੀਮ ਕਰੋਲੀ ਬਾਬਾ ਨੂੰ ਟ੍ਰੇਨ ਤੋਂ ਹੇਠਾਂ ਉਤਾਰਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਕਈ ਲੋਕ ਟ੍ਰੇਨ ਤੋਂ ਬਾਹਰ ਨਿਕਲਦੇ ਹਨ ਅਤੇ ਫਿਰ ਦੂਜਾ ਇੰਜਣ ਆ ਕੇ ਟ੍ਰੇਨ ਨੂੰ ਖਿੱਚਦਾ ਹੈ। ਇਸ ਪੂਰੇ ਦ੍ਰਿਸ਼ ਨੂੰ ਫ਼ਿਲਮਾਉਣ ਲਈ ਕਰੀਬ 16 ਸ਼ਾਟਸ ਦੀ ਲੋੜ ਸੀ। ਸੀਮਤ ਬਜਟ ਵਿੱਚ ਇੰਨੇ ਵੱਡੇ ਸੀਕੁਐਂਸ ਨੂੰ ਤਿਆਰ ਕਰਨਾ ਟੀਮ ਲਈ ਵੱਡੀ ਚੁਣੌਤੀ ਸੀ।
ਉਨ੍ਹਾਂ ਦੱਸਿਆ ਕਿ ਆਪਣੇ ਰਚਨਾਤਮਕ ਵਿਜ਼ਨ ਨਾਲ ਸਮਝੌਤਾ ਕਰਨ ਦੀ ਥਾਂ ਟੀਮ ਨੇ ਇਸ ਦਾ ਨਿਵੇਕਲਾ ਹੱਲ ਕੱਢਿਆ। ਸ਼ੁਰੂਆਤ ਵਿੱਚ ਸੀਕੁਐਂਸ ਦੇ ਕੁਝ ਹਿੱਸਿਆਂ ਦੀ ਸ਼ੂਟਿੰਗ ਕੀਤੀ ਗਈ ਅਤੇ ਬਾਕੀ ਕੰਮ ਪੋਸਟ ਪ੍ਰੋਡਕਸ਼ਨ ਲਈ ਰੱਖਿਆ ਗਿਆ। ਜਿਸ ਰਿਜ਼ੌਰਟ ਵਿੱਚ ਟੀਮ ਠਹਿਰੀ ਹੋਈ ਸੀ, ਉੱਥੇ ਹੀ ਪਲਾਈਵੁੱਡ ਦੀਆਂ ਸ਼ੀਟਾਂ ਕਟਵਾ ਕੇ ਬਾਕਸ ਵਰਗਾ ਢਾਂਚਾ ਤਿਆਰ ਕੀਤਾ ਗਿਆ, ਜਿਸ ਦੀ ਵਰਤੋਂ ਟ੍ਰੇਨ ਦੇ ਡੱਬਿਆਂ ਦੇ ਰੈਫਰੈਂਸ ਵਜੋਂ ਕੀਤੀ ਗਈ।
ਵਿਸ਼ਾਲ ਨੇ ਦੱਸਿਆ ਕਿ ਉਸ ਦੌਰ ਵਿੱਚ ਚੱਲਣ ਵਾਲੀ ਰੋਹਿਲਖੰਡ ਟ੍ਰੇਨ ਤੋਂ ਪ੍ਰੇਰਨਾ ਲੈ ਕੇ ਟ੍ਰੇਨ ਅਤੇ ਉਸ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸ਼ੂਟਿੰਗ ਲੋਕੇਸ਼ਨ ਦੇ ਅਨੁਕੂਲ ਤਿਆਰ ਕੀਤਾ ਗਿਆ। ਇਸ ਮਗਰੋਂ VFX ਅਤੇ AI ਦੀ ਮਦਦ ਨਾਲ ਟ੍ਰੇਨ ਦੇ ਮਾਡਲ ਅਤੇ ਪੂਰੇ ਮਾਹੌਲ ਨੂੰ ਪਰਦੇ ’ਤੇ ਜੀਵੰਤ ਰੂਪ ਦਿੱਤਾ ਗਿਆ। ਇਸ ਤਰ੍ਹਾਂ ਕਰੀਬ 1.5 ਕਰੋੜ ਰੁਪਏ ਵਿੱਚ ਤਿਆਰ ਹੋਣ ਵਾਲੇ ਸੀਕੁਐਂਸ ਨੂੰ ਮਹਿਜ਼ 11.5 ਲੱਖ ਰੁਪਏ ਵਿੱਚ ਪੂਰਾ ਕਰ ਲਿਆ ਗਿਆ। ਵਿਸ਼ਾਲ ਚਤੁਰਵੇਦੀ ਦਾ ਇਹ ਤਜਰਬਾ ਦੱਸਦਾ ਹੈ ਕਿ ਰਚਨਾਤਮਕ ਸੋਚ, ਸੀਮਤ ਸਰੋਤਾਂ ਦੀ ਸਹੀ ਵਰਤੋਂ ਅਤੇ ਆਧੁਨਿਕ ਤਕਨੀਕ ਦਾ ਤਾਲਮੇਲ ਫ਼ਿਲਮ ਨਿਰਮਾਣ ਵਿੱਚ ਕਿਵੇਂ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦਾ ਹੈ।