ਜਾਪਾਨ ਦੇ ਉੱਦਮ ਭਾਰਤ ’ਚ ਗਲੋਬਲ ਕੈਪੇਬਿਲਟੀ ਸੈਂਟਰ (ਜੀ. ਸੀ. ਸੀ.) ਦੇ ਵਿਕਾਸ ’ਚ ਸਭ ਤੋਂ ਵੱਡੇ ਯੋਗਦਾਨਕਰਤਾ ਵਜੋਂ ਉੱਭਰੇ ਹਨ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਡੇਲਾਇਟ ਇੰਡੀਆ ਦੀ ਰਿਪੋਰਟ ‘ਇੰਡੀਆਜ਼ ਸਟ੍ਰੈਟੇਜਿਕ ਜੀ. ਸੀ. ਸੀ. ਪਲੇਅ ਫਾਰ ਜਾਪਾਨੀ ਐਂਟਰਪ੍ਰਾਈਜਿਜ਼’ ਅਨੁਸਾਰ ਭਾਰਤ ’ਚ ਜਾਪਾਨ ਦੇ ਪਹਿਲਾਂ ਤੋਂ ਹੀ 100 ਤੋਂ ਵੱਧ ਕੇਂਦਰ ਸਥਾਪਤ ਹਨ।
ਜਿਵੇਂ ਕਿ ਡਿਜੀਟਲ ਅਤੇ ਇੰਜੀਨੀਅਰਿੰਗ ਦੀਆਂ ਲੋੜਾਂ ਵਧ ਰਹੀਆਂ ਹਨ, ਇਸ ਲਈ ਇਹ ਜੀ. ਸੀ. ਸੀ. ਮਾਲੀ ਸਾਲ 2030 ਤੱਕ ਅੰਦਾਜ਼ਨ ਰੂਪ ’ਚ 470 ਤੋਂ 600 ਅਰਬ ਡਾਲਰ ਦੇ ਆਰਥਿਕ ਪ੍ਰਭਾਵ ਦੀਆਂ ਸੰਭਾਵਨਾਵਾਂ ਪੇਸ਼ ਕਰਨਗੇ, ਜੀ. ਡੀ. ਪੀ. ’ਚ 2.8 ਫੀਸਦੀ ਤੱਕ ਦਾ ਯੋਗਦਾਨ ਦੇਣਗੇ ਅਤੇ ਵੱਧ ਹੁਨਰ ਵਾਲੀਆਂ ਲੱਖਾਂ ਨੌਕਰੀਆਂ ਪੈਦਾ ਕਰਨਗੇ। ਇਸ ਨਾਲ ਭਾਰਤ ਗਲੋਬਲ ਸਮਰੱਥਾ ਨੈੱਟਵਰਕ ਦੇ ਕੇਂਦਰ ’ਚ ਸਥਾਪਤ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਜੀ. ਸੀ. ਸੀ. ਤੇਜ਼ੀ ਨਾਲ ਇੰਜੀਨੀਅਰਿੰਗ, ਡਿਜੀਟਲ ਤਬਦੀਲੀ ਅਤੇ ਉਤਪਾਦ ਇਨੋਵੇਸ਼ਨ ਲਈ ਰਣਨੀਤਕ ਕੇਂਦਰ ਵਜੋਂ ਵਿਕਸਤ ਹੋ ਰਹੇ ਹਨ, ਜੋ ਏ. ਆਈ., ਐਮਬੈਡਿਡ ਸਿਸਟਮ, ਕਲਾਊਡ, ਆਧੁਨਿਕ ਐਨਾਲਿਟਿਕਸ ਅਤੇ ਡਿਜੀਟਲ ਨਿਰਮਾਣ ਵਰਗੇ ਖੇਤਰਾਂ ’ਚ ਫੈਲੇ ਹੋਏ ਹਨ।
ਡੇਲਾਇਟ ਇੰਡੀਆ ਦੇ ਭਾਈਵਾਲ ਅਤੇ ਜੀ. ਸੀ. ਸੀ. ਇੰਡਸਟਰੀ ਲੀਡਰ ਰੋਹਨ ਲੋਬੋ ਨੇ ਕਿਹਾ, ‘‘ਭਾਰਤ ਅਤੇ ਜਾਪਾਨ ਇਨੋਵੇਸ਼ਨ, ਟੈਕਨਾਲੋਜੀ ਅਤੇ ਲੰਬੇ ਸਮੇਂ ਦੇ ਮੁੱਲ ਨਿਰਮਾਣ ’ਤੇ ਆਧਾਰਿਤ ਆਰਥਿਕ ਸਹਿਯੋਗ ਦੇ ਨਵੇਂ ਪੜਾਅ ’ਚ ਦਾਖਲ ਹੋ ਰਹੇ ਹਨ। ਜਿਵੇਂ-ਜਿਵੇਂ ਜਾਪਾਨੀ ਉੱਦਮ ਆਪਣੇ ਗਲੋਬਲ ਸਮਰੱਥਾ ਨੈੱਟਵਰਕ ਦਾ ਵਿਸਥਾਰ ਕਰ ਰਹੇ ਹਨ, ਭਾਰਤ ਜਾਪਾਨ ਲਈ ਰਣਨੀਤਕ ਕੇਂਦਰ ਵਜੋਂ ਉੱਭਰ ਰਿਹਾ ਹੈ ਜੋ ਪੱਧਰ, ਇੰਜੀਨੀਅਰਿੰਗ ਸਕਿਲ ਅਤੇ ਡਿਜੀਟਲ ਮੁਹਾਰਤ ਨੂੰ ਜੋੜਦਾ ਹੈ।’’
ਰਿਪੋਰਟ ਜੀ. ਸੀ. ਸੀ. ਦੀ ਭੂਮਿਕਾ ’ਚ ਬੁਨਿਆਦੀ ਬਦਲਾਅ ’ਤੇ ਚਾਨਣਾ ਪਾਉਂਦੀ ਹੈ, ਜੋ ਬੈਕ-ਆਫਿਸ ਸਹਾਇਕ ਕਾਰਜਾਂ ਤੋਂ ਬਹੁ-ਵਿਸ਼ਿਆਂ ਵਾਲੇ ਉੱਤਮਤਾ ਕੇਂਦਰਾਂ ਤੱਕ ਵਿਕਸਤ ਹੋ ਰਿਹਾ ਹੈ। ਇਹ ਐਂਡ-ਟੂ-ਐਂਡ ਉਤਪਾਦ ਵਿਕਾਸ, ਇਨੋਵੇਸ਼ਨ ਅਤੇ ਉੱਦਮ ਲਚਕਤਾ ਨੂੰ ਉਤਸ਼ਾਹ ਦੇ ਰਿਹਾ ਹੈ। ਭਾਰਤ ਦੇ ਵਿਸ਼ਾਲ ਸਟੈੱਮ ਪ੍ਰਤਿਭਾ ਪੂਲ ਤੱਕ ਪਹੁੰਚ ਦੇ ਜ਼ਰੀਏ ਡਿਜੀਟਲ ਬਦਲਾਅ ਨੂੰ ਤੇਜ਼ ਕਰਨ ਅਤੇ ਨਾਲ ਹੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਜਾਪਾਨ ਦੀ ਲੋੜ ਇਸ ਬਦਲਾਅ ਨੂੰ ਹੋਰ ਮਜ਼ਬੂਤ ਕਰ ਰਹੀ ਹੈ।