ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਅਤੇ ਡਿਪਟੀ ਸਪੀਕਰ ਨੂੰ ਅਗਸਤ 2022 ਵਿਚ ਸਦਨ ਕੰਪਲੈਕਸ ਵਿਚ ਬਣੇ ‘ਫਾਂਸੀ ਘਰ’ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਹਨ। ਦੱਸ ਦੇਈਏ ਕਿ 1 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਢਾਂਚਾ ਬ੍ਰਿਟਿਸ਼ ਯੁੱਗ ਦੇ ਫਾਂਸੀ ਵਾਲੇ ਕਮਰੇ ਦੀ ਨਕਲ ਹੈ, ਜਿਸਦਾ ਉਦਘਾਟਨ 22 ਅਗਸਤ, 2022 ਨੂੰ ਕੀਤਾ ਗਿਆ ਸੀ।
ਇਸ ਮਾਮਲੇ ਦੇ ਸਬੰਧ ਵਿਚ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਪੱਤਰ ਮੁਤਾਬਕ ਫਾਂਸੀ ਘਰ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਅਰਵਿੰਦ ਕੇਜਰੀਵਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਿਸੋਦੀਆ ਅਤੇ ਵਿਧਾਨ ਸਭਾ ਦੀ ਤਤਕਾਲੀ ਡਿਪਟੀ ਸਪੀਕਰ ਰਾਖੀ ਬਿਰਲਾ ਦੀ ਮੌਜੂਦਗੀ ਵਿਚ ਕੀਤਾ ਗਿਆ ਸੀ, ਜਦੋਂ ਕਿ ਗੋਇਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ। ਵਿਧਾਨ ਸਭਾ ਨੇ ਇਸ ਸਾਲ 5, 6 ਅਤੇ 7 ਅਗਸਤ ਨੂੰ ਆਪਣੀਆਂ ਮੀਟਿੰਗਾਂ ਵਿਚ ਇਸ ਮਾਮਲੇ ’ਤੇ ਚਰਚਾ ਕੀਤੀ ਅਤੇ 7 ਅਗਸਤ ਨੂੰ ਮਾਮਲਾ ਜਾਂਚ ਅਤੇ ਰਿਪੋਰਟ ਲਈ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ।
ਕਮੇਟੀ ਨੇ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਕੰਪਲੈਕਸ ਵਿਚ ਬ੍ਰਿਟਿਸ਼ ਯੁੱਗ ਦੇ ‘ਫਾਂਸੀ ਘਰ’ ਦੀ ਪਹਿਲਾਂ ਤੋਂ ਮੌਜੂਦਗੀ ਦੀ ਪ੍ਰਮਾਣਿਕਤਾ ਬਾਰੇ ਟਿੱਪਣੀਆਂ ਮੰਗੀਆਂ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਨੂੰ 19 ਸਤੰਬਰ ਤੱਕ ਆਪਣਾ ਲਿਖਤੀ ਜਵਾਬ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ।