ਜਲਾਲਾਬਾਦ ਫ਼ਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਦਰ ਜਲਾਲਾਬਾਦ ਪੁਲਸ ਨੇ ਬੀ.ਐੱਸ.ਐੱਫ਼ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ 20 ਪੈਕਟਾਂ 'ਚ ਲਪੇਟੀ ਹੋਈ 10 ਕਿੱਲੋ 950 ਗ੍ਰਾਮ ਹੈਰੋਇਨ ਕਬਜ਼ੇ 'ਚ ਲਈ ਹੈ। ਇਸ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਗਗਨ ਅਜੀਤ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਕਰਦਿਆਂ ਦੱਸਿਆ ਕਿ 24 ਮਈ ਨੂੰ ਥਾਣਾ ਸਦਰ ਜਲਾਲਾਬਾਦ ਦੇ ਐੱਸ.ਐੱਚ.ਓ ਜੁਗਰਾਜ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਦੌਰਾਨ ਮੌਜੂਦ ਸੀ। ਇਸੇ ਦੌਰਾਨ ਬੀ.ਐੱਸ.ਐੱਫ਼ ਚੌਕੀ ਗੱੜੀ ਬੀਸੋ ਦੇ ਏ.ਸੀ ਮੁਕੇਸ਼ ਕੁਮਾਰ ਵੱਲੋਂ ਫ਼ੋਨ ਰਾਹੀਂ ਸੂਚਨਾ ਦਿੱਤੀ ਗਈ ਕਿ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦੀ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਤਾਂ ਵਿਚ ਇਕ ਸ਼ੱਕੀ ਗੱਟਾ ਪਿਆ ਹੋਇਆ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਸਬ ਡਵੀਜ਼ਨ ਜਲਾਲਾਬਾਦ ਦੇ ਡੀ.ਐੱਸ.ਪੀ ਗੁਰਸੇਵਕ ਸਿੰਘ ਬਰਾੜ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ ਬੀ.ਐੱਸ.ਐੱਫ਼ ਦੀ ਟੀਮ ਨਾਲ ਮਿਲ ਕੇ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਚਿੱਟੇ ਰੰਗ ਦੇ ਪਾਰਦਰਸ਼ੀ ਲਿਫ਼ਾਫ਼ਿਆਂ 'ਚ ਲਪੇਟੇ 20 ਪੈਕਟ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਕਰਨ 'ਤੇ 10 ਕਿੱਲੋ 950 ਗ੍ਰਾਮ ਹੈਰੋਇਨ ਪਾਈ ਗਈ। ਪੁਲਸ ਵੱਲੋਂ ਹੈਰੋਇਨ ਕਬਜ਼ੇ 'ਚ ਲੈ ਕੇ ਥਾਣਾ ਸਦਰ ਜਲਾਲਾਬਾਦ ਵਿਖੇ ਨਾਮਾਲੂਮ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਨਸ਼ਾ ਮੰਗਵਾਉਣ ਵਾਲਿਆਂ ਦੀ ਪਛਾਣ ਲਈ ਖ਼ੁਫ਼ੀਆ ਸੋਰਸ ਲਗਾਏ ਜਾ ਰਹੇ ਹਨ।
ਹੈਂਡ ਗ੍ਰਨੇਡ ਸਮੇਤ 3 ਕਾਬੂ, ਇੱਕ ਹੋਰ ਦੋਸ਼ੀ ਵੀ ਗ੍ਰਿਫ਼ਤਾਰ
ਇਸੇ ਦੌਰਾਨ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਸੀ.ਆਈ.ਏ ਫ਼ਾਜ਼ਿਲਕਾ ਦੀ ਟੀਮ ਦੇ ਇੰਚਾਰਜ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਪਾਸੋਂ ਇੱਕ ਜਿੰਦਾ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਲਖਵੀਰ ਸਿੰਘ ਉਰਫ਼ ਮੰਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੱਖੋ ਵਾਲੀ, ਗੁਰਪਿੰਦਰ ਸਿੰਘ ਉਰਫ਼ ਮੰਨਾਂ ਪੁੱਤਰ ਸਰਬਜੀਤ ਸਿੰਘ ਵਾਸੀ ਚੱਕ ਪੱਖੀ ਅਤੇ ਸੁਖਵਿੰਦਰ ਸਿੰਘ ਉਰਫ਼ ਲੱਬੀ ਪੁੱਤਰ ਲਛਮਣ ਸਿੰਘ ਵਾਸੀ ਲੱਖੋ ਵਾਲੀ ਵਜੋਂ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਲਖਵੀਰ ਸਿੰਘ ਉਰਫ਼ ਮੰਗਾ ਖ਼ਿਲਾਫ਼ ਪਹਿਲਾਂ ਵੀ ਪੋਕਸੋ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ, ਜਦਕਿ ਬਾਕੀ ਦੋਸ਼ੀਆਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਐੱਸ.ਐੱਸ.ਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇੱਕ ਹੋਰ ਸਾਥੀ ਸਲੀਮ ਪੁੱਤਰ ਲਖਵਿੰਦਰ ਸਿੰਘ ਵਾਸੀ ਚੱਕ ਪੱਖੀ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।