ਨਵੀਂ ਦਿੱਲੀ : ਚੀਨ ਦੀ ਵਧਦੀ ਸਮੁੰਦਰੀ ਫੌਜ ਦੀ ਤਾਕਤ ਦੇ ਮੱਦੇਨਜ਼ਰ ਭਾਰਤ ਆਪਣੀਆਂ ਸਮੁੰਦਰੀ ਜੰਗੀ ਸਮਰੱਥਾਵਾਂ ਨੂੰ ਵਧਾਉਣ ਲਈ ਅਗਲੇ ਸਾਲ ਦੇ ਅੱਧ ਤੱਕ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ 2 ਵੱਡੇ ਪਣਡੁੱਬੀ ਸੌਦਿਆਂ ’ਤੇ ਦਸਤਖ਼ਤ ਕਰ ਸਕਦਾ ਹੈ।
ਪਹਿਲਾ ਸੌਦਾ 3 ਸਕਾਰਪੀਅਨ ਕਲਾਸ ਪਣਡੁੱਬੀਆਂ ਲਈ ਹੈ, ਜਿਨ੍ਹਾਂ ਦਾ ਨਿਰਮਾਣ ‘ਮਝਗਾਓਂ ਡਾਕ ਲਿਮਟਿਡ’ (ਐੱਮ.ਡੀ.ਐੱਲ.) ਅਤੇ ਫ਼ਰਾਂਸ ਦੀ ਰੱਖਿਆ ਕੰਪਨੀ ‘ਨੇਵਲ ਗਰੁੱਪ’ ਮਿਲ ਕੇ ਕਰਨਗੇ। ਰੱਖਿਆ ਮੰਤਰਾਲਾ ਨੇ ਹਾਲਾਂਕਿ ਲੱਗਭਗ 36,000 ਕਰੋੜ ਰੁਪਏ ਦੇ ਇਸ ਸੌਦੇ ਨੂੰ 2 ਸਾਲ ਪਹਿਲਾਂ ਮਨਜ਼ੂਰੀ ਦੇ ਦਿੱਤੀ ਸੀ ਪਰ ਤਕਨੀਕੀ ਅਤੇ ਵਿੱਤੀ ਸ਼ਰਤਾਂ ਨੂੰ ਲੈ ਕੇ ਗੱਲਬਾਤ ’ਚ ਦੇਰੀ ਹੋਈ ਹੈ।
ਦੂਜਾ ਸੌਦਾ 6 ‘ਡੀਜ਼ਲ-ਇਲੈਕਟ੍ਰਿਕ ਸਟੀਲਥ’ ਪਣਡੁੱਬੀਆਂ ਦੇ ਨਿਰਮਾਣ ਦਾ ਹੈ, ਜਿਸ ਦੀ ਅੰਦਾਜ਼ਨ ਲਾਗਤ 65,000 ਕਰੋੜ ਰੁਪਏ ਹੈ। ਜਰਮਨੀ ਦੇ ਪ੍ਰਮੁੱਖ ਜਹਾਜ਼ ਨਿਰਮਾਤਾ ‘ਥਿਸੇਨਕਰੁਪ ਮੈਰੀਨ ਸਿਸਟਮਜ਼’ (ਟੀ. ਕੇ. ਐੱਮ. ਐੱਸ.) ਨੇ ਇਸ ਪ੍ਰਾਜੈਕਟ ਲਈ ‘ਮਝਗਾਓਂ ਡਾਕ ਸ਼ਿਪਬਿਲਡਰਜ਼ ਲਿਮਟਿਡ’ ਨਾਲ ਭਾਈਵਾਲੀ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸੌਦੇ ਦੀ ਲਾਗਤ ’ਤੇ ਗੱਲਬਾਤ ਛੇਤੀ ਹੀ ਸ਼ੁਰੂ ਹੋਵੇਗੀ ਅਤੇ ਸਮਝੌਤਾ ਪੂਰਾ ਹੋਣ ਦੀ ਪੂਰੀ ਪ੍ਰਕਿਰਿਆ ’ਚ 6 ਤੋਂ 9 ਮਹੀਨੇ ਲੱਗ ਸਕਦੇ ਹਨ।