ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਇਸ ਜੰਗ ਬਾਰੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰੀ ਕੋਰੀਆ ਹੁਣ ਰੂਸ ਦੇ ਸਮਰਥਨ 'ਚ ਯੂਕ੍ਰੇਨੀ ਸਰਹੱਦਾਂ 'ਤੇ 25,000-30,000 ਸੈਨਿਕ ਤਾਇਨਾਤ ਕਰਨ ਦੀ ਤਿਆਰੀ 'ਚ ਹੈ।
ਜਾਣਕਾਰੀ ਦਿੰਦੇ ਹੋਏ ਯੂਕ੍ਰੇਨੀ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਉੱਤਰੀ ਕੋਰੀਆ ਇਨ੍ਹਾਂ ਸੈਨਿਕਾਂ ਨੂੰ ਜੰਗ ਵਿਚਾਲੇ ਤਾਇਨਾਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਨਵੰਬਰ ਮਹੀਨੇ ਵੀ ਉੱਤਰੀ ਕੋਰੀਆ ਨੇ 11,000 ਸਿਪਾਹੀ ਜੰਗ 'ਚ ਰੂਸ ਦੇ ਸਮਰਥਨ ਲਈ ਭੇਜੇ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਯੂਕ੍ਰੇਨੀ ਸੈਨਿਕਾਂ ਨੂੰ ਰੂਸ ਦੇ ਕੁਰਸਕ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਤਾਇਨਾਤ ਕੀਤਾ ਗਿਆ ਸੀ ਤੇ ਇਨ੍ਹਾਂ 'ਚੋਂ 4,000 ਦੇ ਕਰੀਬ ਸੈਨਿਕ ਜੰਗ 'ਚ ਮਾਰੇ ਗਏ ਸਨ।
ਯੂਕ੍ਰੇਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੂਸੀ ਫ਼ੌਜ ਇਨ੍ਹਾਂ ਜਵਾਨਾਂ ਨੂੰ ਹਥਿਆਰ ਤੇ ਸੁਰੱਖਿਆ ਯੰਤਰ ਦੇਣ ਦੀ ਤਿਆਰੀ ਕਰ ਰਹੀ ਹੈ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਸੈਨਿਕ ਸਿੱਧੇ ਜੰਗ ਦੇ ਮੈਦਾਨ 'ਚ ਉਤਰ ਸਕਦੇ ਹਨ ਤੇ ਰੂਸ ਦਾ ਸਮਰਥਨ ਕਰਦੇ ਹੋਏ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ।