ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਅੱਜ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਜ਼ਿਲ੍ਹੇ ਦੇ ਸਿਹਤ ਬਲਾਕ ਬਲਾਚੌਰ ਅਧੀਨ ਆਉਂਦੇ ਪਨਿਆਲੀ ਪਿੰਡ ਵਿਖੇ ਸਥਿਤ ਆਮ ਆਦਮੀ ਕਲੀਨਕ ਦੇ ਨਵੇਂ ਮੈਡੀਕਲ ਅਫਸਰ ਡਾ. ਹਰਸਿਮਰਨ ਨੂੰ ਇੰਮਪੈਨਲਮੈੰਟ ਪੱਤਰ ਸੌਂਪਿਆ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਆਮ ਆਦਮੀ ਕਲੀਨਿਕ ਸਿਹਤ ਸੰਭਾਲ ਖੇਤਰ ਵਿੱਚ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਇੱਕ ਵੱਡਾ ਕਦਮ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਹਾਲ ਹੀ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ ਪੰਜ ਹੋਰ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਆਮ ਆਦਮੀ ਕਲੀਨਿਕਾਂ ਵਿੱਚ ਜਿਹੜੀਆਂ ਪੰਜ ਸੇਵਾਵਾਂ ਦੀ ਸ਼ੁਰੂਆਤ ਹੋਈ ਹੈ, ਉਨ੍ਹਾਂ ਵਿਚ ਗਰਭਵਤੀ ਔਰਤਾਂ ਦੀ ਜਾਂਚ, ਗੈਰ-ਸੰਚਾਰੀ ਰੋਗ, ਪਰਿਵਾਰ ਨਿਯੋਜਨ ਸੇਵਾਵਾਂ, ਕੁਪੋਸ਼ਿਤ ਬੱਚਿਆਂ ਦੀ ਪਛਾਣ ਤੇ ਦੇਖਭਾਲ, ਕੁੱਤੇ ਦੇ ਵੱਢਣ 'ਤੇ ਐਂਟੀ ਰੇਬੀਜ਼ ਟੀਕਾਕਰਨ ਆਦਿ ਸ਼ਾਮਲ ਹਨ। ਆਮ ਆਦਮੀ ਕਲੀਨਿਕਾਂ ਵਿਚ ਇਹ ਸੇਵਾਵਾਂ ਸ਼ੁਰੂ ਕਰਨ ਦਾ ਮੁੱਖ ਉਦੇਸ਼ ਮਰੀਜ਼ਾਂ ਨੂੰ ਪਹੁੰਚਣਯੋਗ ਮੁੱਢਲੀਆਂ ਸਿਹਤ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਚ ਇਹ ਸੁਵਿਧਾਵਾਂ ਸ਼ੁਰੂ ਹੋਣ ਨਾਲ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਬਿਹਤਰ ਸਿਹਤ ਦੇਖਰੇਖ ਮਿਲਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਕੁੱਲ 19 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ- ਜੋ ਕਿ ਮੁਫਤ ਇਲਾਜ ਪ੍ਰਦਾਨ ਕਰਨ ਦੇ ਨਾਲ-ਨਾਲ 104 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਅਤੇ 46 ਕਿਸਮਾਂ ਦੇ ਮੁਫ਼ਤ ਡਾਇਗਨੌਸਟਿਕ ਟੈਸਟਾਂ ਦੀ ਸਹੂਲਤ ਦੇ ਰਹੇ ਹਨ। ਸਾਰੇ ਕਲੀਨਿਕ ਆਈਟੀ ਇਨੇਬਲਡ ਹਨ ਅਤੇ ਡਿਜੀਟਲ ਢੰਗ ਰਾਹੀਂ ਰਜਿਸਟ੍ਰੇਸ਼ਨ , ਡਾਕਟਰੀ ਸਲਾਹ, ਜਾਂਚ ਅਤੇ ਦਵਾਈ ਸਬੰਧੀ ਸੁਝਾਅ ਦੀ ਸਹੂਲਤ ਨਾਲ ਲੈਸ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਤੇ ਜ਼ਿਲ੍ਹਾ ਅਕਾਊਂਟ ਅਫਸਰ ਦੀਪਕ ਵਰਮਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।