ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ 'ਚ ਲਗਾਤਾਰ ਵਿਗੜਦੀ ਹਵਾ ਦੀ ਗੁਣਵੱਤਾ ਅਤੇ ਦਮ ਘੁੱਟਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਵਾਲ ਕੀਤਾ ਕਿ ਉਹ ਹਵਾ ਪ੍ਰਦੂਸ਼ਣ 'ਚ 'ਵਿਸ਼ਵਗੁਰੂ' ਕਿਉਂ ਬਣ ਰਹੇ ਹਨ। ਖੜਗੇ ਨੇ ਦੋਸ਼ ਲਗਾਇਆ ਕਿ ਪ੍ਰਦੂਸ਼ਣ ਨਾਲ ਨਜਿੱਠਣ ਦੀ ਬਜਾਏ, ਭਾਜਪਾ ਸਰਕਾਰ ਦਿਖਾਵਟੀ ਉਪਾਵਾਂ, ਜਨ ਸੰਪਰਕ ਰਣਨੀਤੀਆਂ, ਅਧੂਰੇ ਵਾਅਦਿਆਂ ਅਤੇ ਆਪਸੀ ਦੋਸ਼ਾਂ ਰਾਹੀਂ ਸ਼ਾਸਨ ਦੀ ਪਛਾਣ ਬਣ ਗਈ ਹੈ।
ਖੜਗੇ ਨੇ ਕਿਹਾ ਕਿ ਪਿਛਲੇ ਸਾਲ ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਦੇ ਆਲੇ-ਦੁਆਲੇ ਟੈਂਕਰਾਂ ਤੋਂ ਪਾਣੀ ਦਾ ਛਿੜਕਾਅ ਕੀਤੇ ਜਾਣ 'ਤੇ ਪ੍ਰਦੂਸ਼ਣ ਦੇ ਅੰਕੜਿਆਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲੱਗੇ ਸਨ, ਜਦੋਂ ਕਿ ਇਸ ਸਾਲ ਜਦੋਂ ਪ੍ਰਦੂਸ਼ਣ ਸਿਖਰ 'ਤੇ ਸੀ, ਦਿੱਲੀ ਦੇ 59 ਨਿਗਰਾਨੀ ਸਟੇਸ਼ਨਾਂ 'ਚੋਂ 36 'ਤੇ ਪੀ.ਐਮ. 2.5 ਡਾਟਾ ਦੇ ਅੰਕੜੇ ਉਪਲੱਬਧ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 8 ਮਈ 2019 ਨੂੰ ਹਵਾ ਪ੍ਰਦੂਸ਼ਣ ਨੂੰ ਇਕ ਵੱਡੀ ਚੁਣੌਤੀ ਦੱਸਿਆ ਸੀ, ਪਰ ਪਿਛਲੇ 12 ਸਾਲਾਂ 'ਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਿਰਫ਼ ਬਿਆਨਬਾਜ਼ੀ ਹੋਈ ਹੈ ਅਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦਿੱਲੀ-ਐੱਨਸੀਆਰ ਤੋਂ ਇਲਾਵਾ, ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਲੋਕ ਵੀ ਸਾਫ਼ ਹਵਾ ਲਈ ਤਰਸ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਹਵਾ ਪ੍ਰਦੂਸ਼ਣ 'ਤੇ ਦੇਸ਼ ਨੂੰ ਜਵਾਬ ਦੇਣ ਅਤੇ 'ਹਵਾ ਦਾ ਹਿਸਾਬ' ਦੇਣ ਦੀ ਹਿੰਮਤ ਦਿਖਾਉਣਗੇ। ਪ੍ਰਦੂਸ਼ਣ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਖੜਗੇ ਨੇ ਕਿਹਾ ਕਿ 2023 'ਚ ਦਿੱਲੀ 'ਚ ਹਵਾ ਪ੍ਰਦੂਸ਼ਣ ਕਾਰਨ ਅੰਦਾਜ਼ਨ 17,188 ਲੋਕਾਂ ਦੀ ਮੌਤ ਹੋਈ, ਜੋ ਕਿ ਕੁੱਲ ਮੌਤਾਂ ਦਾ ਲਗਭਗ 15 ਫੀਸਦੀ ਹੈ।