ਖਰੜ (ਪ੍ਰੀਤ ਪੱਤੀ) : ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ। ਮੁੱਖ ਮਹਿਮਾਨ ਇੰਜ.ਜੈਲਾ ਰਾਮ ਜੀ,ਐਫ.ਆਈ.ਈ.,ਐਮ.ਡੀ.(ਰਿਟਾ.) ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ, ਮੁਹਾਲੀ ਸਨ। ਪ੍ਰਧਾਨਗੀ ਮੰਡਲ ਵਿੱਚ ਮੁੱਖ ਮਹਿਮਾਨ ਦੇ ਨਾਲ ਡਾ.ਜਲੌਰ ਸਿੰਘ ਖੀਵਾ, ਕੁਲਤਾਰ ਸਿੰਘ ਉਭੀ, ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਤੇ ਪਿਆਰਾ ਸਿੰਘ ਰਾਹੀ ਸ਼ਾਮਿਲ ਹੋਏ। ਪੁਸਤਕ ਤੇ ਵਿਚਾਰ ਚਰਚਾ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਸਮੀਖਿਅਕ ਜਸਵਿੰਦਰ ਸਿੰਘ ਕਾਈਨੌਰ ਨੇ ਪੁਸਤਕ ਦੇ ਲੇਖਕ ਪਿਆਰਾ ਸਿੰਘ ਰਾਹੀ ਦੇ ਜੀਵਨ ਅਤੇ ਲੇਖਕ ਦੇ ਨਾਲ਼-ਨਾਲ਼ ਹੋਰ ਦੂਜੇ ਫੀਲਡਾਂ ਵਿੱਚ ਜਿਵੇਂ ਗੀਤਕਾਰੀ, ਗਾਇਕੀ, ਭੰਗੜਾ ਅਤੇ ਵੱਡੇ ਪ੍ਰੋਗਰਾਮਾਂ ਦੇ ਕੀਤੇ ਮੰਚ ਸੰਚਾਲਨ/ਸਟੇਜ ਸੈਕਟਰੀ ਦੇ ਰੋਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਰਚਨਾਵਾਂ ਦੀ ਵਿਸ਼ੇ ਦੇ ਪੱਖ ਤੋਂ ਅਤੇ ਵਰਤੇ ਕਾਵਿ ਰੂਪਾਂ ਨੂੰ ਤਕਨੀਕੀ ਪੱਖ ਤੋਂ ਸਫਲਤਾ ਪੂਰਵਕ ਨਿਭਾਉਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਪੁਸਤਕ ‘ਸੁਪਨਿਆਂ ਦੀ ਗੱਲ’ ਮਨੁੱਖੀ ਅਨੁਭਾਵਾਂ, ਸਮਾਜਕ ਚੇਤਨਾ ਅਤੇ ਭਾਸ਼ਾਈ ਪਿਆਰ ਦਾ ਇੱਕ ਪ੍ਰਭਾਵਸ਼ਾਲੀ ਸੁਮੇਲ ਹੈ। ਮੁੱਖ ਬੁਲਾਰੇ ਡਾ. ਜਲੌਰ ਸਿੰਘ ਖੀਵਾ ਨੇ ਪੁਸਤਕ ਵਿੱਚ ਸ਼ਾਮਿਲ ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਦੀ ਵੱਖੋ-ਵੱਖ ਪੜਚੋਲ ਕਰਦਿਆਂ ਸਾਰੇ ਕਾਵਿ-ਰੂਪਾਂ ਵਿੱਚ ਸਮਾਜ ਦੇ ਗਲਤ ਵਰਤਾਰਿਆਂ ਤੇ ਕੀਤੀ ਚੋਟ ਦੀ ਗੱਲ, ਸੋਹਣੇ ਸਮਾਜ, ਚੰਗੀ ਜ਼ਿੰਦਗੀ ਜਿਉਣ ਲਈ ਸੁਪਨਿਆਂ ਦੇ ਸਕਾਰ ਹੋਣ ਦੀ ਆਸ ਭਰਪੂਰ ਕਵਿਤਾ ਦੀ ਸਰਾਹਨਾ ਕਰਦਿਆਂ ਸਬੂਤ ਵਜੋਂ ਢੁੱਕਵੀਆਂ ਰਚਨਾਵਾਂ ਵੀ ਸੁਣਾਈਆਂ। ਮੁੱਖ ਮਹਿਮਾਨ ਇੰਜ. ਜੈਲਾ ਰਾਮ ਜੀ ਨੇ ਲੇਖਕ ਦੇ ਦਫ਼ਤਰ ਵਿੱਚ ਨੌਕਰੀ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਕਈ ਹਵਾਲੇ ਦੇ ਕੇ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਮੈਂ ਇੱਥੇ ਆਉਣ ਤੋਂ ਪਹਿਲਾਂ ਇਹ ਪੁਸਤਕ ਮੰਗਵਾ ਕੇ ਸਾਰੀ ਪੜ੍ਹੀ ਹੈ,ਮੈਨੂੰ ਬਹੁਤ ਚੰਗੀ ਲੱਗੀ ਅਤੇ ਉਹਨਾਂ ਨੇ ਪੁਸਤਕ ਵਿਚੋਂ ਮਨ ਪਸੰਦ ਦੋ ਕਵਿਤਾਵਾਂ ਵੀ ਬੋਲ ਕੇ ਸੁਣਾਈਆਂ। ਉਨਾਂ ਨੇ ਖੁਸ਼ੀ ਨਾਲ ਸੱਥ ਨੂੰ 3100/- ਰੁਪਏ ਦਾ ਵਿੱਤੀ ਸਹਿਯੋਗ ਵੀ ਦਿੱਤਾ। ਮੰਚ ਸੰਚਾਲਨ ਦੇ ਫ਼ਰਜ਼ ਪਿਆਰਾ ਸਿੰਘ ਰਾਹੀ ਵੱਲੋਂ ਨਿਭਾਉਂਦਿਆਂ ਸਾਰੇ ਵਿਦਵਾਨਾਂ ਦਾ ਕਿਤਾਬ ਤੇ ਕੀਤੀ ਵਿਚਾਰ ਚਰਚਾ ਲਈ ਧੰਨਵਾਦ ਕੀਤਾ ਅਤੇ ਕਿਤਾਬ ਵਿੱਚੋਂ ਕੁੱਝ ਕਵਿਤਾਵਾਂ ਤਰੰਨਮ ਵਿੱਚ ਪੇਸ਼ ਕਰਕੇ ਵਧੀਆ ਮਹੌਲ ਸਿਰਜ ਦਿੱਤਾ। ਸੱਥ ਦੇ ਪ੍ਰਧਾਨ ਵੱਲੋਂ ਸੱਥ ਵੱਲੋਂ ਛਪਵਾਈ ਜਾ ਰਹੀ ਮਿੰਨੀ ਕਹਾਣੀਆਂ ਦੀ ਸਾਂਝੀ ਪੁਸਤਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਕਾਸ਼ਕ ਕੋਲੋਂ ਕਿਤਾਬ ਦੇ ਖਰੜੇ ਦੇ ਪਰੂਫ਼ ਪੜ੍ਹਨ ਲਈ ਮਿਲ਼ ਗਏ ਹਨ ਜਲਦੀ ਹੀ ਪੁਸਤਕ ਛਪ ਜਾਵੇਗੀ। ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਤਰਸੇਮ ਸਿੰਘ ਕਾਲੇਵਾਲ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋਂ, ਗੁਰਮੀਤ ਸਿੰਗਲ, ਰਾਜਵਿੰਦਰ ਸਿੰਘ ਗੱਡੂ, ਦਲਬੀਰ ਸਿੰਘ ਸਰੋਆ, ਹਿੱਤ ਅਭਿਲਾਸ਼ੀ ਹਿੱਤ, ਨਵਨੀਤ ਕੁਮਾਰ, ਹਾਕਮ ਸਿੰਘ ਨੱਤਿਆਂ, ਮਹਿੰਦਰ ਸਿੰਘ ਗੋਸਲਾਂ, ਬਲਦੇਵ ਸਿੰਘ ਬਿੰਦਰਾ, ਕੇਸਰ ਸਿੰਘ ਇੰਸਪੈਕਟਰ, ਰੂਪ ਸਾਗਰ, ਬੇਬੀ ਅਨੰਤ ਮਿਹਰ, ਰੋਮੀ ਕੁਮਾਰ, ਭੁਪਿੰਦਰ ਸਿੰਘ ਭਾਗੋਮਾਜਰਾ, ਰੋਮੀ ਘੜਾਮਾਂ ਵਾਲਾ, ਇੰਦਰਜੀਤ ਕੌਰ ਬਡਾਲਾ, ਗੁਰਨਾਮ ਸਿੰਘ ਬਿਜਲੀ, ਸੁਮਿੱਤਰ ਸਿੰਘ ਦੋਸਤ, ਸੁਰਿੰਦਰ ਕੌਰ ਬਾੜਾ, ਮੋਹਨ ਸਿੰਘ ਪ੍ਰੀਤ, ਜਗਤਾਰ ਸਿੰਘ ਜੋਗ, ਮਲਕੀਤ ਸਿੰਘ ਨਾਗਰਾ, ਸੁਖਦੀਪ ਸਿੰਘ ਨਿਆਂਸ਼ਹਿਰ, ਨੀਲਮ ਨਾਰੰਗ, ਅਮਰਜੀਤ ਕੌਰ ਮੋਰਿੰਡਾ, ਹਰਜਿੰਦਰ ਸਿੰਘ ਗੋਪਾਲੋਂ, ਮਾਸਟਰ ਮਲਕੀਤ ਸਿੰਘ ਆਦਿ ਨੇ ਆਪੋ-ਆਪਣੀਆਂ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਭਾਗ ਸਿੰਘ ਸ਼ਾਹਪੁਰ ਖਰੜ, ਦਿਲਬਾਰਾ ਸਿੰਘ, ਕੁਲਦੀਪ ਕੁਮਾਰ ਅਤੇ ਜਗਤਾਰ ਸਿੰਘ ਖੇੜੀ ਆਦਿ ਵੀ ਹਾਜ਼ਰ ਹੋਏ। ਅਖੀਰ ਵਿਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।