ਨਵੀਂ ਦਿੱਲੀ : ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਇਕ ਸੰਸਦ ਮੈਂਬਰ ਦੇ ਸੰਸਦ ਕੰਪਲੈਕਸ 'ਚ ਕੁੱਤ ਲਿਆਉਣ ਅਤੇ ਇਸ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਤੇ ਇਕ ਹੋਰ ਸੰਸਦ ਮੈਂਬਰ ਦੇ ਸਦਨ 'ਚ ਈ-ਸਿਗਰਟ ਪੀਣ ਦੀਆਂ ਸ਼ਿਕਾਇਤਾਂ ਵਿਸ਼ੇਸ਼ ਅਧਿਕਾਰ ਕਮੇਟੀਆਂ ਕੋਲ ਭੇਜੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਸਿਫਾਰਿਸ਼ 'ਤੇ ਸਦਨ ਇਨ੍ਹਾਂ ਮਾਮਲਿਆਂ 'ਚ ਫੈਸਲਾ ਲੈਣਗੇ। ਰਿਜਿਜੂ ਨੇ ਸਰਦ ਰੁੱਤ ਸੈਸ਼ਨ ਦੀ ਸਮਾਪਤੀ 'ਤੇ ਸੰਸਦ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਕ ਸੰਸਦ ਮੈਂਬਰ ਦੇ ਸੰਸਦ ਕੰਪਲੈਕਸ 'ਚ ਕੁੱਤਾ ਲਿਆਉਣ ਅਤੇ ਇਸ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਇਤਰਾਜ਼ਯੋਗ ਕਮੇਟੀ ਦੇ ਸਾਹਮਣੇ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ ਸਭਾ 'ਚ ਇਕ ਮੈਂਬਰ ਦੇ ਈ-ਸਿਗਰਟ ਪੀਣ ਨਾਲ ਸੰਬੰਧਤ ਸ਼ਿਕਾਇਤ ਇਕ ਮੈਂਬਰ ਨੇ ਕੀਤੀ ਹੈ। ਇਸ ਮਾਮਲੇ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ, ਉੱਥੋਂ ਰਿਪੋਰਟ ਆਉਣ ਤੋਂ ਬਾਅਦ ਸਪੀਕਰ ਓਮ ਬਿਰਲਾ ਅੱਗੇ ਦੀ ਕਾਰਵਾਈ ਦਾ ਫ਼ੈਸਲਾ ਕਰਨਗੇ। ਦੱਸਣਯੋਗ ਹੈ ਕਿ ਰਾਜ ਸਭਾ ਮੈਂਬਰ ਰੇਣੂਕਾ ਚੌਧਰੀ ਸਰਦ ਰੁੱਤ ਸੈਸ਼ਨ ਦੌਰਾਨ ਆਪਣੀ ਕਾਰ 'ਚ ਇਕ ਕੁੱਤਾ ਲੈ ਕੇ ਸੰਸਦ ਕੰਪਲੈਕਸ 'ਚ ਆਈ ਸੀ। ਉਨ੍ਹਾਂ ਨੇ ਪੱਤਰਕਾਰਾਂ ਵਲੋਂ ਇਸ ਸੰਬੰਧ 'ਚ ਪੁੱਛੇ ਜਾਣ 'ਤੇ ਕੁਝ ਟਿੱਪਣੀਆਂ ਵੀ ਕੀਤੀਆਂ ਸਨ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਨੇ ਸਦਨ 'ਚ ਤ੍ਰਿਣਮੂਲ ਕਾਂਗਰਸ ਦੇ ਇਕ ਮੈਂਬਰ ਦੇ ਈ-ਸਿਗਰਟ ਪੀਣ ਦਾ ਮਾਮਲਾ ਚੁੱਕਿਆ ਸੀ।