ਕੋਲਕਾਤਾ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਲਿਓਨਲ ਮੈਸੀ ਵਿਵਾਦ 'ਚ ਉਨ੍ਹਾਂ ਦਾ ਨਾਂ 'ਝੂਠੇ' ਤਰੀਕੇ ਨਾਲ ਘਸੀਟਣ ਅਤੇ ਆਪਣੇ ਬਾਰੇ ਅਪਮਾਨਜਕ ਜਨਤਕ ਬਿਆਨ ਦੇਣ ਦੇ ਦੋਸ਼ 'ਚ ਕੋਲਕਾਤਾ ਸਥਿਤ ਇਕ ਫੁੱਟਬਾਲ ਪ੍ਰਸ਼ੰਸਕ ਕਲੱਬ ਦੇ ਅਧਿਕਾਰੀ 'ਤ 50 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਕ੍ਰਿਕਟ ਤੋਂ ਖੇਡ ਪ੍ਰਸ਼ਾਸਕ ਬਣੇ ਗਾਂਗੁਲੀ ਨੇ ਵੀਰਵਾਰ ਨੂੰ 'ਅਰਜਨਟੀਨਾ ਫੁੱਟਬਾਲ ਫੈਨ ਕਲੱਬ' ਦੇ ਉੱਤਮ ਸਾਹਾ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਵੀ ਦਰਦਜ ਕਰਵਾਈ ਸੀ। ਗਾਂਗੁਲੀ ਨੇ ਦੱਸਿਆ,''ਮੈਂ ਪੁਲਸ 'ਚ ਸ਼ਿਕਾਇਤ ਤੋਂ ਬਾਅਦ ਫੁੱਟਬਾਲ ਪ੍ਰਸ਼ੰਸਕ ਕਲੱਬ ਦੇ ਇਸ ਅਧਿਕਾਰੀ ਨੂੰ 50 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਉਹ ਜੋ ਮਨ 'ਚ ਆਉਂਦਾ ਹੈ, ਉਹ ਕਹਿੰਦੇ ਰਹਿੰਦੇ ਹਨ।''
ਸਾਹਾ ਨੇ ਇਕ ਪੱਤਰਕਾਰ ਨਾਲ ਗੱਲਬਾਤ 'ਚ ਗਾਂਗੁਲੀ 'ਤੇ ਮੈਸੀ ਦੇ 'GOAT ਇੰਡੀਆ ਟੂਰ' ਦਾ ਮੁੱਕ ਆਯੋਜਕ ਹੋਣ ਦਾ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਗ੍ਰਿਫ਼ਤਾਰ ਮੁੱਖ ਆਯੋਜਕ ਸਤਦਰੂ ਦੱਤਾ ਸਿਰਫ਼ ਇਕ ਮੋਹਰਾ ਹੈ। ਕੋਲਕਾਤਾ ਪੁਲਸ ਦੇ ਸਾਈਬਰ ਸੈੱਲ ਨੂੰ ਭੇਜੇ ਗਏ ਆਪਣੇ ਈ-ਮੇਲ ਸ਼ਿਕਾਇਤ 'ਚ ਗਾਂਗੁਲੀ ਨੇ ਕਿਹਾ ਕਿ ਉਸ ਵਿਅਕਤੀ ਦੇ ਬਿਆਨਾਂ ਨੇ ਉਨ੍ਹਾਂ ਦੀ ਸਾਖ ਅਤੇ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕੀਤਾ ਹੈ। ਆਪਣੇ ਈ-ਮੇਲ 'ਚ ਗਾਂਗੁਲੀ ਨੇ ਕਿਹਾ ਕਿ ਆਪਣੇ ਕਈ ਦਹਾਕਿਆਂ ਦੇ ਪੇਸ਼ੇਵਕਰ ਕਰੀਅਰ 'ਚ ਉਨ੍ਹਾਂ ਨੇ ਦੇਸ਼ ਅਤੇ ਦੁਨੀਆ ਭਰ 'ਚ ਇਕ ਖਿਡਾਰੀ ਅਤੇ ਖੇਡ ਪ੍ਰਸ਼ਾਸਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਇਹ 'ਬੇਬੁਨਿਆਦ' ਬਿਆਨ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੇ ਮਕਸਦ ਨਾਲ ਦਿੱਤੇ ਗਏ ਹਨ। ਗਾਂਗੁਲੀ ਨੂੰ 13 ਦਸੰਬਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਹੋਰ ਦਿੱਗਜ ਵਿਅਕਤੀਆਂ ਨਾਲ ਅਰਜਨਟੀਨਾ ਦੇ ਦਿੱਗਜ ਫੁੱਟਬਾਲ ਖਿਡਾਰੀ ਮੈਸੀ ਅਤੇ ਉਨ੍ਹਾਂ ਦੇ ਦਲ ਨੂੰ ਸਨਮਾਨਤ ਕਰਨ ਲਈ ਮੰਚ 'ਤੇ ਮੌਜੂਦ ਰਹਿਣਾ ਸੀ ਪਰ ਮੈਸੀ ਦੇ ਸਟੇਡੀਅਮ ਤੋਂ ਸਮੇਂ ਤੋਂ ਪਹਿਲਾਂ ਚਲੇ ਜਾਣ ਤੋਂ ਬਾਅਦ ਸਾਲਟ ਲੇਕ ਸਟੇਡੀਅਮ 'ਚ ਦਰਸ਼ਕਾਂ ਵਲੋਂ ਕੀਤੀ ਗਈ ਹਿੰਸਾ ਦੇ ਮੱਦੇਨਜ਼ਰ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।