ਨਵੀਂ ਦਿੱਲੀ : ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਹਾਲ ਹੀ ਵਿਚ ਬੈਂਗਲੁਰੂ ਦੇ ਇਕ ਕਾਲਜ ਵਿਚ ਪ੍ਰੋਗਰਾਮ ਦੌਰਾਨ ਦਿੱਤੇ ਗਏ ਬਿਆਨ ਲਈ ਮਾਫੀ ਮੰਗੀ ਹੈ। ਸੋਨੂੰ ਨਿਗਮ ਨੇ ਸੋਮਵਾਰ ਸ਼ਾਮ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, 'ਸੋਰੀ ਕਰਨਾਟਕ। ਮੇਰਾ ਪਿਆਰ ਤੁਹਾਡੇ ਲਈ ਮੇਰੇ ਹੰਕਾਰ ਤੋਂ ਵੱਡਾ ਹੈ। ਹਮੇਸ਼ਾ ਤੁਹਾਡੇ ਨਾਲ ਪਿਆਰ ਕਰਦਾ ਰਹਾਂਗਾ।'
ਇਹ ਵਿਵਾਦ 25 ਅਪ੍ਰੈਲ ਨੂੰ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੋਨੂੰ ਨਿਗਮ ਬੈਂਗਲੁਰੂ ਦੇ ਇਕ ਕਾਲਜ ਵਿਚ ਪੇਸ਼ਕਾਰੀ ਦੇ ਰਹੇ ਸਨ। ਆਪਣੀ ਇਕ ਵੀਡੀਓ ਵਿਚ ਗਾਇਕ ਨੇ ਦੱਸਿਆ ਕਿ ਕੁੱਝ ਮੁੰਡਿਆਂ ਨੇ ਉਨ੍ਹਾਂ ਨੂੰ ਕੰਨੜ ਭਾਸ਼ਾ ਵਿਚ ਗਾਉਣ ਲਈ ਧਮਕਾਇਆ ਸੀ। ਇਸ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਸੀ, ਕੰਨੜ, ਕੰਨੜ...ਇਹੀ ਵਜ੍ਹਾ ਹੈ ਪਹਿਲਗਾਮ ਵਾਲੀ ਘਟਨਾ ਦੀ।'
ਉਨ੍ਹਾਂ ਦੇ ਇਸ ਬਿਆਨ ਨੂੰ ਕਈ ਲੋਕਾਂ ਨੇ ਇਤਰਾਜ਼ਯੋਗ ਦੱਸਿਆ। ਬੈਂਗਲੁਰੂ ਦੇ ਅਵਲਾਹੱਲੀ ਪੁਲਸ ਥਾਣੇ ਵਿਚ 3 ਮਈ ਨੂੰ ਸੋਨੂੰ ਨਿਗਮ ਖਿਲਾਫ ਐੱਫ.ਆਈ.ਆਰ. ਦਰਜ ਕਰਾਈ ਗਈ ਸੀ। ਸੋਮਵਾਰ ਨੂੰ ਕਰਨਾਟਕ ਫਿਲਮ ਚੈਂਬਰ ਆਫ ਕਾਮਰਸ ਨੇ ਗਾਇਕ ਖਿਲਾਫ 'ਅਸਹਿਯੋਗ' ਮੁਹਿੰਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨਾਲ ਕੰਨੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।