ਏਸੀਸੀ ਅੰਡਰ-19 ਏਸ਼ੀਆ ਕੱਪ 2025 ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਇਆ। ਭਾਰਤੀ ਟੀਮ ਨੇ ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ ਵਿੱਚ 8 ਵਿਕਟਾਂ ਨਾਲ ਮੈਚ ਜਿੱਤਿਆ। ਭਾਰਤ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ, ਜਿਸਨੂੰ ਉਨ੍ਹਾਂ ਨੇ 12 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮੀਂਹ ਕਾਰਨ ਮੈਚ ਨੂੰ 20 ਓਵਰਾਂ ਦਾ ਕਰ ਦਿੱਤਾ ਗਿਆ। ਓਧਰ ਦੂਜੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੋਵੇਂ ਟੀਮਾਂ ਹੁਣ ਐਤਵਾਰ, 21 ਦਸੰਬਰ ਨੂੰ ਖਿਤਾਬੀ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਫਾਈਨਲ ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ ਵਿੱਚ ਖੇਡਿਆ ਜਾਵੇਗਾ।
ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਆਯੁਸ਼ ਮਹਾਤਰੇ 7 ਦੌੜਾਂ ਬਣਾ ਕੇ ਆਊਟ ਹੋ ਗਏ। ਇਨਫਾਰਮ ਬੱਲੇਬਾਜ਼ ਵੈਭਵ ਸੁਰਿਆਵੰਸ਼ੀ ਦੇ ਬੱਲੇ 'ਚੋਂ ਵੀ ਸਿਰਫ 9 ਦੌੜਾਂ ਹੀ ਆਈਆਂ। ਦੋਵਾਂ ਹੀ ਬੱਲੇਬਾਜ਼ਾਂ ਨੂੰ ਤੇਜ਼ ਗੇਂਦਬਾਜ਼ ਰਸਿਥ ਨਿਮਸਾਰਾ ਨੇ ਆਊਟ ਕੀਤਾ। 25 ਦੌੜਾਂ 'ਤੇ ਦੋ ਵਿਕਟਾਂ ਡਿੱਗਣ ਮਗਰੋਂ ਵਿਹਾਨ ਮਲਹੋਤਰਾ ਅਤੇ ਏਰੋਨ ਜੋਰਜ ਨੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤਕ ਪਹੁੰਚਾਇਆ। ਜੋਰਜ 58 ਦੌੜਾਂ (49 ਗੇਂਦਾਂ, 4 ਚੌਕੇ, 1 ਛੱਕਾ) ਅਤੇ ਮਲਹੋਤਰਾ 61 ਦੌੜਾਂ (45 ਗੇਂਦਾਂ, 4 ਚੌਕੇ, 2 ਛੱਕੇ) 'ਤੇ ਨਾਬਾਦ ਰਹੇ।
ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਸ਼੍ਰੀਲੰਕਾ ਦੀ ਟੀਮ ਨੇ 8 ਵਿਕਟਾਂ ਦੇ ਨੁਕਸਾਨ 'ਤੇ 138 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਨਹੀਂ। ਕਿਸ਼ਨ ਸਿੰਘ ਨੇ ਦੁਲਨੀਥ ਸਿਗੇਰਾ ਨੂੰ ਦੀਪੇਸ਼ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ ਇੱਕ ਦੌੜ ਹੀ ਬਣਾ ਸਕਿਆ। ਇਸ ਤੋਂ ਬਾਅਦ ਵਿਮਥ ਦਿਨਾਸਰਾ ਓਪਨਰ ਵਿਰਨ ਚਾਮੁਦੀਥਾ ਦਾ ਸਾਥ ਦੇਣ ਆਇਆ ਪਰ ਦੀਪੇਸ਼ ਨੇ 25 ਦੇ ਸਕੋਰ 'ਤੇ ਚਾਮੁਦੀਥਾ ਨੂੰ ਆਊਟ ਕਰ ਦਿੱਤਾ। ਇਸ ਮੈਚ ਵਿੱਚ ਸ਼੍ਰੀਲੰਕਾ ਲਈ ਚਮਿਕਾ ਹੀਨਾਤਿਗਾਲਾ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੀਤਮਿਕਾ ਸੇਨੇਵਿਰਤਨੇ ਨੇ 30 ਅਤੇ ਵਿਮਥ ਦਿਨਾਸਰਾ ਨੇ 32 ਦੌੜਾਂ ਬਣਾਈਆਂ। ਭਾਰਤ ਲਈ ਹੇਨਿਲ ਪਟੇਲ ਅਤੇ ਕਨਿਸ਼ਕ ਚੌਹਾਨ ਨੇ ਦੋ-ਦੋ ਵਿਕਟਾਂ ਲਈਆਂ ਜਦੋਂ ਕਿ ਕਿਸ਼ਨ ਸਿੰਘ, ਦੀਪੇਸ਼ ਦੇਵੇਂਦਰਨ ਅਤੇ ਖਿਲਨ ਪਟੇਲ ਨੂੰ ਇੱਕ-ਇੱਕ ਸਫਲਤਾ ਮਿਲੀ।