ਬੀਤੇ ਕੁਝ ਮਹੀਨਿਆਂ ਤੋਂ ਭੂਚਾਲ ਕਾਫ਼ੀ ਤੇਜ਼ੀ ਨਾਲ ਆ ਰਹੇ ਹਨ। ਇਸੇ ਦੌਰਾਨ ਹੁਣ ਮੱਧ ਅਮਰੀਕੀ ਦੇਸ਼ ਪਨਾਮਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪ੍ਰਸ਼ਾਂਤ ਤੱਟ 'ਤੇ 6.2 ਤੀਬਰਤਾ ਦਾ ਭੂਚਾਲ ਆਇਆ ਜਿਸ ਨਾਲ ਇਲਾਕਾ ਪੂਰੀ ਤਰ੍ਹਾਂ ਕੰਬ ਗਿਆ। ਹਾਲਾਂਕਿ ਭੂਚਾਲ ਕਾਰਨ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਨੈਸ਼ਨਲ ਸੈਂਟਰ ਫ਼ਾਰ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਬੀਤੀ ਰਾਤ ਕਰੀਬ 10.46 ਵਜੇ ਆਇਆ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 6.2 ਰਹੀ ਤੇ ਇਸ ਦਾ ਕੇਂਦਰ ਦੱਖਣੀ ਪਨਾਮਾ ਰਿਹਾ, ਜਦਕਿ ਇਸਦੀ ਡੂੰਘਾਈ ਧਰਤੀ ਦੀ ਸਤ੍ਹਾ ਤੋਂ 40 ਕਿੱਲੋਮੀਟਰ ਹੇਠਾਂ ਰਹੀ।
ਇਸ ਭੂਚਾਲ ਦੇ ਝਟਕੇ ਪੱਛਮੀ ਪਨਾਮਾ ਦੇ ਚਿਰਿਕੂ ਤੇ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਭੂਚਾਲ ਕਾਰਨ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਫਿਲਹਾਲ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਤੇ ਕਿਸੇ ਵੀ ਅਗਲੇਰੀ ਕਾਰਵਾਈ ਲਈ ਤਿਆਰ ਹਨ।