ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਨੂੰ ਅੱਜ ਆਖ਼ਰੀ ਵਿਦਾਈ ਦਿੱਤੀ ਗਈ। ਮੋਹਾਲੀ ਵਿਖੇ ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਚਾਹੁਣ ਵਾਲੇ ਪੁੱਜੇ। ਇਸ ਮੌਕੇ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ, ਯੂਕੇ ਤੋਂ ਐਮ ਪੀ ਤਨਮਨਜੀਤ ਸਿੰਘ ਢੇਸੀ, ਐਮ ਐਲ ਏ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਅਤੇ ਜਸਵਿੰਦਰ ਭੱਲਾ ਦੇ ਪੁਰਾਣੇ ਸਾਥੀ ਬਾਲ ਮੁਕੰਦ ਸ਼ਰਮਾ, ਡੀ ਆਈ ਜੀ ਰੂਪਨਗਰ ਰੇਂਜ ਹਰਚਰਨ ਸਿੰਘ ਭੁੱਲਰ, ਨਾਮੀਂ ਗਾਇਕ ਕਲਾਕਾਰਾਂ ਤੇ ਅਦਾਕਾਰਾਂ ਵਿੱਚ ਮੁਹੰਮਦ ਸਦੀਕ, ਹੰਸ ਰਾਜ ਹੰਸ, ਗਿੱਪੀ ਗਰੇਵਾਲ, ਜਸਬੀਰ ਜੱਸੀ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਮਰ ਨੂਰੀ, ਮਲਕੀਤ ਸਿੰਘ ਰੌਣੀ, ਬੀ ਐਨ ਸ਼ਰਮਾ, ਬਾਬੂਸ਼ਾਹੀ ਡਾਟ ਕਾਮ ਦੇ ਐਡੀਟਰ ਬਲਜੀਤ ਬੱਲੀ, ਟੀਜੈੱਡ ਵਲੌਗਰ ਤ੍ਰਿਪਤਾ ਕੰਧਾਰੀ, ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਅਕਾਲੀ ਆਗੂ ਦਲਜੀਤ ਚੀਮਾ, ਸਾਬਕਾ ਮੰਤਰੀ ਬਲਬੀਰ ਸਿੱਧੂ,ਉੱਘੇ ਗੀਤਕਾਰ ਸ਼ਮਸ਼ੇਰ ਸੰਧੂ, ਗਾਇਕ ਹਰਦੀਪ, ਭੁਪਿੰਦਰ ਭੜੀਵਾਲਾ ਗੀਤਕਾਰ, ਸੰਗੀਤ ਡਾਇਰੈਕਟਰ ਸਚਿਨ ਅਹੂਜਾ, ਜੱਸੀ ਗਿੱਲ, ਮਨਕੀਰਤ ਔਲਖ, ਪ੍ਰੀਤ ਹਰਪਾਲ, ਜਿੰਮੀ ਸ਼ੇਰਗਿੱਲ, ਪੰਮੀ ਬਾਈ, ਸਮੀਪ ਕੰਗ, ਕਰਨ ਗਲਹੋਤਰਾ, ਅਲਾਪ ਸਿਕੰਦਰ, ਭਾਜਪਾ ਆਗੂ ਫਤਿਹ ਜੰਗ ਬਾਜਵਾ, ਡਿਪਟੀ ਮੇਅਰ ਕੁਲਜੀਤ ਬੇਦੀ, ਅਰਸ਼ਦੀਪ ਕਲੇਰ ਅਤੇ ਹੋਰ ਵੱਡੀ ਗਿਣਤੀ ਵਿੱਚ ਉੱਘੀਆਂ ਸਖ਼ਸ਼ੀਅਤਾਂ ਨੇ ਆਖ਼ਰੀ ਵਿਦਾਈ ਦਿੱਤੀ।
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭੱਲਾ ਸਾਬ੍ਹ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਜਸਵਿੰਦਰ ਭੱਲਾ ਇੱਕ ਬੇਹਤਰੀਨ ਇਨਸਾਨ ਅਤੇ ਪੰਜਾਬੀਆਂ ਦਾ ਮਾਣ ਸਨ।
ਉਨ੍ਹਾਂ ਕਿਹਾ ਕਿ ਭੱਲਾ ਨੇ ਸਭਨਾਂ ਦੇ ਚਿਹਰੇ ਉੱਤੇ ਸਦਾ ਹਾਸਾ ਲਿਆਂਦਾ ਹੈ। ਸੌਂਦ ਨੇ ਭੱਲਾ ਵੱਲੋਂ ਨਿਭਾਈ ਚਾਚਾ ਚਤਰਾ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ "ਤੁਸੀਂ, ਤੁਹਾਡੇ ਬੋਲ ਅਤੇ ਅਦਾਕਾਰੀ ਸਾਨੂੰ ਸਦਾ ਯਾਦ ਰਹਿਣਗੇ।"
ਸਵਰਗੀ ਭੱਲਾ ਦੇ ਅੰਤਮ ਸਸਕਾਰ ਮੌਕੇ ਪੁੱਜੇ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਜਸਵਿੰਦਰ ਭੱਲਾ ਨੇ 40 ਸਾਲ ਤੋਂ ਜ਼ਿਆਦਾ ਸੇਵਾ ਕੀਤੀ ਅਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਪੰਜਾਬੀ ਬੈਠੇ ਹਨ, ਉੱਥੇ-ਉੱਥੇ ਅੱਜ ਦੁੱਖ ਦੀ ਲਹਿਰ ਹੈ।
ਉਨ੍ਹਾਂ ਕਿਹਾ ਕਿ ਭੱਲਾ ਦੇ ਤੁਰ ਜਾਣ ਨਾਲ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ ਅਤੇ ਨੀਲੂ ਦੀ ਤਿੱਕੜੀ ਵੱਲੋਂ ਪੇਸ਼ ਕੀਤੀਆਂ ਵੱਖ ਵੱਖ ਛਣਕਾਟਾ ਵੀਡੀਓਜ਼ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਸਤਬੀਰ ਸਿੰਘ ਗੋਸਲ ਨੇ ਅੰਤਿਮ ਵਿਦਾਇਗੀ ਮੌਕੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਪੀ ਏ ਯੂ ਨੂੰ ਹਮੇਸ਼ਾਂ ਆਪਣੇ ਵਿਦਿਆਰਥੀ/ਅਧਿਆਪਕ ਤੇ ਮਾਣ ਰਹੇਗਾ, ਜਿਸ ਨੇ ਸਮੁੱਚੇ ਗਲੋਬ ਚ ਆਪਣੀ ਕਮੇਡੀ ਅਤੇ ਵਿਅੰਗਾਤਮਕ ਟਕੋਰਾਂ ਰਾਹੀਂ ਮਾਣਮੱਤੇ ਪੰਜਾਬੀ ਵਜੋਂ ਨਿਵੇਕਲੀ ਸ਼ੈਲੀ ਵਾਲੀ ਪਛਾਣ ਬਣਾਈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਜਸਵਿੰਦਰ ਭੱਲਾ ਸਰੀਰਕ ਤੌਰ ਤੇ 'ਹੈ ਤੋਂ ਸੀ' ਹੋ ਗਏ ਹਨ ਤਾਂ ਉਸ ਵੇਲੇ ਉਨ੍ਹਾਂ ਦਾ ਰਚਨਾਤਮਕ ਕਾਰਜ ਹਮੇਸ਼ਾਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦਾ ਕੰਮ ਕਰੇਗਾ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਸਮੇਤ ਪੁਸ਼ਪ ਮਾਲਾ ਅਰਪਿਤ ਕਰਦਿਆਂ ਕਿਹਾ ਕਿ ਸਵਰਗੀ ਜਸਵਿੰਦਰ ਭੱਲਾ ਵੱਲੋਂ ਬਤੌਰ ਕਮੇਡੀਅਨ ਸਥਾਪਿਤ ਕੀਤੀ ਪਛਾਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਉਹ ਇੱਕੋ ਸਮੇਂ ਖੇਤੀਬਾੜੀ ਵਰਸਿਟੀ ਦੇ ਅਧਿਆਪਕ, ਕਮੇਡੀਅਨ ਅਤੇ ਅਦਾਕਾਰ ਰਹੇ। ਅੱਜ ਉਨ੍ਹਾਂ ਦਾ ਅਚਾਨਕ ਵਿਛੋੜਾ ਦੇ ਜਾਣਾ ਸਮੁੱਚੇ ਪੰਜਾਬੀ ਭਾਈਚਾਰੇ ਅਤੇ ਸਭਿਆਚਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।