ਲੇਹ : ਲੇਹ ਵਿੱਚ ਚੱਲ ਰਹੀ ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਦੀ ਸ਼ੂਟਿੰਗ ਦੌਰਾਨ ਉਸ ਸਮੇਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ, ਜਦੋਂ 100 ਤੋਂ ਵੱਧ ਮੈਂਬਰ ਫੂਡ ਪੋਇਜ਼ਨਿੰਗ ਨਾਲ ਬਿਮਾਰ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਸਾਰਿਆਂ ਦੀ ਹਾਲਤ ਹੁਣ ਸਥਿਰ ਹੈ। ਅਧਿਕਾਰੀਆਂ ਦੇ ਅਨੁਸਾਰ, ਸਾਰੇ ਮਰੀਜ਼ਾਂ ਨੂੰ ਐਤਵਾਰ ਦੇਰ ਰਾਤ ਨੂੰ ਪੇਟ ਵਿੱਚ ਤੇਜ਼ ਦਰਦ, ਸਿਰ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ SNM ਹਸਪਤਾਲ ਲਿਆਂਦਾ ਗਿਆ ਸੀ। ਇਹ ਸਾਰੇ ਗੈਰ-ਸਥਾਨਕ ਕਰਮਚਾਰੀ ਹਨ ਜੋ ਇੱਥੇ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਲਈ ਆਏ ਸਨ। ਅਧਿਕਾਰੀਆਂ ਨੇ ਕਿਹਾ ਕਿ ਸ਼ੂਟਿੰਗ ਵਾਲੀ ਥਾਂ 'ਤੇ ਲਗਭਗ 600 ਲੋਕਾਂ ਨੇ ਖਾਣਾ ਖਾਧਾ ਸੀ।
ਉਨ੍ਹਾਂ ਨੇ ਕਿਹਾ, "ਟੈਸਟਿੰਗ ਲਈ ਭੋਜਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ।" ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ, "ਇਹ ਸਪੱਸ਼ਟ ਤੌਰ 'ਤੇ ਫੂਡ ਪੋਇਜ਼ਨਿੰਗ ਦਾ ਮਾਮਲਾ ਹੈ। ਜਿਵੇਂ ਹੀ ਜਾਣਕਾਰੀ ਮਿਲੀ, ਸਾਰੇ ਵਿਭਾਗਾਂ ਦੇ ਸਟਾਫ ਨੂੰ ਤੁਰੰਤ ਲਾਮਬੰਦ ਕੀਤਾ ਗਿਆ ਅਤੇ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਿਆ ਗਿਆ।" ਡਾਕਟਰ ਨੇ ਕਿਹਾ ਕਿ ਐਮਰਜੈਂਸੀ ਵਾਰਡ ਵਿੱਚ ਭੀੜ ਵਧਣ ਕਾਰਨ ਹਫੜਾ-ਦਫੜੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਬੁਲਾਉਣਾ ਪਿਆ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।