ਲੁਧਿਆਣਾ ਵੈਸਟ ਤੇ ਗੁਜਰਾਤ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਹਾਂ। 'ਆਪ' ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਫੈਸਲਾ ਕਰੇਗੀ ਕਿ ਲੁਧਿਆਣਾ ਵੈਸਟ ਤੋਂ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਖਾਲੀ ਹੋ ਰਹੀ ਰਾਜ ਸਭਾ ਸੀਟ 'ਤੇ ਕਿਸ ਨੂੰ ਭੇਜਿਆ ਜਾਵੇਗਾ।
ਕੇਜਰੀਵਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਵਿਧਾਨ ਸਭਾ ਜ਼ਿਮਨੀ ਚੋਣ ਨਤੀਜਿਆਂ ਵਿਚ ਜਨਤਾ ਨੇ 2022 ਤੋਂ ਵੀ ਜ਼ਿਆਦਾ ਵੋਟਾਂ ਦਿੱਤੀਆਂ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਲੱਗਭਗ ਦੋਗੁਣੇ ਮਾਰਜਿਨ ਨਾਲ ਜਿੱਤ ਹਾਸਲ ਹੋਈ ਹੈ। ਗੁਜਰਾਤ ਦੀ ਜਨਤਾ ਨੇ ਆਮ ਆਦਮੀ ਪਾਰਟੀ 'ਤੇ ਭਰੋਸਾ ਵਿਖਾਇਆ ਹੈ। ਆਮ ਆਦਮੀ ਪਾਰਟੀ ਲੋਕਾਂ ਲਈ ਇਕ ਉਮੀਦ ਹੈ। ਪੰਜਾਬ ਸਾਡੇ ਕੰਮਾਂ ਤੋਂ ਖੁਸ਼ ਹੈ ਤਾਂ ਗੁਜਰਾਤ ਬਦਲਾਅ ਚਾਹੁੰਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਭਾਜਪਾ ਨੇ 'ਆਪ' ਨੂੰ ਹਰਾਉਣ ਲਈ ਪੰਜਾਬ, ਗੁਜਰਾਤ ਵਿਚ ਚੋਣਾਂ ਲੜੀਆਂ ਪਰ ਲੋਕਾਂ ਨੇ ਉਨ੍ਹਾਂ ਨੂੰ ਖਾਰਜ ਕਰ ਦਿੱਤਾ। ਗੁਜਰਾਤ ਵਿਚ ਭਾਜਪਾ ਅਤੇ 'ਆਪ' ਵਿਚਾਲੇ ਸਿੱਧੀ ਲੜਾਈ ਹੈ। ਕਾਂਗਰਸ, ਭਾਜਪਾ ਦੀ ਕਠਪੁਤਲੀ ਬਣ ਕੇ ਜਿੱਤ ਯਕੀਨੀ ਕਰ ਰਹੀ ਹੈ। ਲੁਧਿਆਣਾ ਵੈਸਟ ਸੀਟ ਲਈ ਜ਼ਿਮਨੀ ਚੋਣ ਨਤੀਜਿਆਂ 'ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਵਿਚ 'ਆਪ' ਸਰਕਾਰ ਦੇ ਕੰਮਾਂ 'ਤੇ ਮੋਹਰ ਲਾ ਦਿੱਤੀ ਹੈ।