ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੇ ਮੈਂਬਰ ਸ਼ਸ਼ੀ ਥਰੂਰ ਨੇ ਬੀਤੇ ਦਿਨ ਐਕਸ 'ਤੇ ਬਿਆਨ ਜਾਰੀ ਕਰਦਿਆ ਕਿਹਾ ਕਿ ਦੇਸ਼ ਪਹਿਲਾਂ ਆਉਂਦਾ ਹੈ ਅਤੇ ਪਾਰਟੀਆਂ ਦੇਸ਼ ਨੂੰ ਬਿਹਤਰ ਬਣਾਉਣ ਦਾ ਮਾਧਿਅਮ ਹਨ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਕਿਹਾ ਕਿ ਕਿਸੇ ਵੀ ਪਾਰਟੀ ਦਾ ਉਦੇਸ਼ ਇੱਕ ਬਿਹਤਰ ਭਾਰਤ ਬਣਾਉਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੀਆਂ ਹਥਿਆਰਬੰਦ ਫੌਜਾਂ ਅਤੇ ਸਰਕਾਰ ਦਾ ਸਮਰਥਨ ਕਰਨ ਦੇ ਆਪਣੇ ਸਟੈਂਡ 'ਤੇ ਕਾਇਮ ਰਹਿਣਗੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ "ਇਹ ਦੇਸ਼ ਲਈ ਸਹੀ ਚੀਜ਼ ਹੈ।" ਕਾਂਗਰਸ ਸੰਸਦ ਮੈਂਬਰ ਨੇ ਕਿਹਾ, "ਤੁਹਾਡੀ ਪਹਿਲੀ ਵਫ਼ਾਦਾਰੀ ਕਿਸ ਪ੍ਰਤੀ ਹੈ? ਮੇਰੀ ਰਾਏ ਵਿੱਚ, ਰਾਸ਼ਟਰ ਪਹਿਲਾਂ ਆਉਂਦਾ ਹੈ। ਪਾਰਟੀਆਂ ਰਾਸ਼ਟਰ ਨੂੰ ਬਿਹਤਰ ਬਣਾਉਣ ਦਾ ਮਾਧਿਅਮ ਹਨ। ਇਸ ਲਈ ਮੇਰੇ ਵਿਚਾਰ ਵਿੱਚ ਤੁਸੀਂ ਜਿਸ ਵੀ ਪਾਰਟੀ ਨਾਲ ਸਬੰਧਤ ਹੋ, ਪਾਰਟੀ ਦਾ ਉਦੇਸ਼ ਆਪਣੇ ਤਰੀਕੇ ਨਾਲ ਇੱਕ ਬਿਹਤਰ ਭਾਰਤ ਬਣਾਉਣਾ ਹੈ।"
"ਹੁਣ, ਪਾਰਟੀਆਂ ਨੂੰ ਇਸ ਗੱਲ 'ਤੇ ਅਸਹਿਮਤ ਹੋਣ ਦਾ ਪੂਰਾ ਹੱਕ ਹੈ ਕਿ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ... ਜਿਵੇਂ ਕਿ ਤੁਸੀਂ ਜਾਣਦੇ ਹੋ ਬਹੁਤ ਸਾਰੇ ਲੋਕ ਮੇਰੇ ਸਟੈਂਡ ਕਾਰਨ ਮੇਰੀ ਆਲੋਚਨਾ ਕਰ ਰਹੇ ਹਨ ਕਿਉਂਕਿ ਮੈਂ ਹਥਿਆਰਬੰਦ ਬਲਾਂ ਅਤੇ ਸਾਡੀ ਸਰਕਾਰ ਦਾ ਸਮਰਥਨ ਕੀਤਾ ਹੈ ਅਤੇ ਮੈਂ ਹਾਲ ਹੀ ਵਿੱਚ ਸਾਡੇ ਦੇਸ਼ ਅਤੇ ਸਾਡੀਆਂ ਸਰਹੱਦਾਂ 'ਤੇ ਜੋ ਕੁਝ ਵੀ ਵਾਪਰਿਆ ਹੈ, ਉਸ 'ਤੇ ਵੀ ਇਸੇ ਤਰ੍ਹਾਂ ਦਾ ਸਟੈਂਡ ਲਿਆ ਹੈ,।" ਉਨ੍ਹਾਂ ਕਿਹਾ ਕਿ "ਦੂਜਾ ਭਾਸ਼ਣ ਮੁੱਖ ਤੌਰ 'ਤੇ ਫਿਰਕੂ ਸਦਭਾਵਨਾ ਅਤੇ ਇਕੱਠੇ ਰਹਿਣ ਦੇ ਯਤਨਾਂ 'ਤੇ ਕੇਂਦ੍ਰਿਤ ਸੀ ਤਾਂ ਜੋ ਅਸੀਂ ਸਾਰੇ ਅੱਗੇ ਵਧ ਸਕੀਏ ਅਤੇ ਤਰੱਕੀ ਕਰ ਸਕੀਏ।"